ਦਲੇਲ ਸਿੰਘ ਵਾਲਾ/ਮਾਨਸਾ, 1 ਫਰਵਰੀ (ਸਾਰਾ ਯਹਾਂ /ਮੁੱਖ ਸੰਪਾਦਕ): ‘ਮਿਸ਼ਨ ਹਰ ਘਰ ਪਾਣੀ, ਹਰ ਘਰ ਸਫ਼ਾਈ’ ਪ੍ਰੋਗਰਾਮ ਤਹਿਤ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਵਰਚੂਅਲ ਕਾਨਫਰੰਸ ਰਾਹੀਂ ਜ਼ਿਲ੍ਹਾ ਮਾਨਸਾ ਦੇ ਪਿੰਡਾਂ ਵਿੱਚ 4.40 ਕਰੋੜ ਰੁਪਏ ਦੀ ਲਾਗਤ ਵਾਲੇ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਨਾਲ ਸਬੰਧਤ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ, ਨੀਂਹ ਪੱਥਰ ਅਤੇ ਲੋਕ ਅਰਪਣ ਕੀਤੇ ਗਏ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਰਚੂਅਲ ਕਾਨਫਰੰਸ ਦੌਰਾਨ ਸ਼ਾਮਲ ਹੁੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੀਆਂ ਤਿੰਨ ਸਬ ਡਵੀਜ਼ਨਾਂ ਅੰਦਰ ਆਉਂਦੇ ਪਿੰਡਾਂ ਵਿੱਚ ਅੱਜ ਇਨ੍ਹਾਂ ਪ੍ਰੋਜੈਕਟਾਂ ਸਬੰਧੀ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ ਹੈ । ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਪ੍ਰੇਮ ਮਿੱਤਲ ਅਤੇ ਸਾਬਕਾ ਵਿਧਾਇਕ ਸ਼੍ਰੀ ਅਜੀਤ ਇੰਦਰ ਸਿੰਘ ਮੋਫ਼ਰ ਵੀ ਉਨ੍ਹਾਂ ਦੇ ਨਾਲ ਸਨ।
ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਪਿੰਡ ਖਿਆਲਾ ਕਲਾਂ, ਫਫੜੇ ਭਾਈ ਕੇ ਦੀਆਂ ਜਲ ਸਪਲਾਈ ਸਕੀਮਾਂ ਦੇ ਸੁਧਾਰ ਸਬੰਧੀ ਅਤੇ ਪਿੰਡ ਦਲੇਲ ਸਿੰਘ ਵਾਲਾ ਅਤੇ ਪਿੰਡ ਬਰਨਾਲਾ ਵਿਖੇ ਕਮਿਊਨਿਟੀ ਸੈਨਟਰੀ ਕੰਪਲੈਕਸਾਂ ਦਾ ਭੌਤਿਕ ਤੌਰ ‘ਤੇ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਨੇ ਪਿੰਡ ਬੱਪੀਆਣਾ ਵਿਖੇ ਜਲ ਸਪਲਾਈ ਸਕੀਮ ਦੇ ਸੁਧਾਰ ਸਬੰਧੀ ਮੁਕੰਮਲ ਹੋ ਚੁੱਕੇ ਕੰਮ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਵਿਧਾਇਕ ਸ. ਮਾਨਸ਼ਾਹੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ 55 ਪਿੰਡਾਂ ਵਿੱਚ 1.65 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਨਟਰੀ ਕੰਪਲੈਕਸਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਜ਼ਿਲ੍ਹੇ ਦੀਆਂ 7 ਪਿੰਡਾਂ ਵਿੱਚ ਪੁਰਾਣੀਆਂ ਜਲ ਸਪਲਾਈ ਸਕੀਮਾਂ ਦੇ ਸੁਧਾਰ ਸਬੰਧੀ 70.88 ਲੱਖ ਰੁਪਏ ਦੇ ਹੋ ਚੁੱਕੇ ਕੰਮਾਂ ਦਾ ਉਦਘਾਟਨ, ਜ਼ਿਲ੍ਹੇ ਦੇ 7 ਹੋਰ ਪਿੰਡਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਸੁਧਾਰ ਪ੍ਰੋਜੈਕਟਾਂ ਦੇ 1.47 ਕਰੋੜ ਰੁਪਏ ਦੇ ਨੀਂਹ ਪੱਥਰ ਅਤੇ ਪੰਜ ਪਿੰਡਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਸੁਧਾਰ ਦੇ 56.85 ਲੱਖ ਰੁਪਏ ਦੀ ਲਾਗਤ ਨਾਲ ਹੋ ਚੁੱਕੇ ਕੰਮਾਂ ਨੂੰ ਲੋਕ ਅਰਪਣ ਕੀਤਾ ਗਿਆ ਹੈ।
ਇਸ ਮੌਕੇ ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀ: ਰਵਿੰਦਰ ਸਿੰਘ ਬਾਂਸਲ, ਇੰਜੀ: ਕੇਵਲ ਗਰਗ, ਸਹਾਇਕ ਇੰਜੀ: ਕਰਮਜੀਤ ਸਿੰਘ ਸਿੱਧੂ ਵੀ ਹਾਜ਼ਰ ਸਨ।