ਮਾਨਸਾ, 29 ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ): ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ (ਸਿਵਾਏ ਭੀਖੀ ਅਤੇ ਸਰਦੂਲਗੜ੍ਹ) 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ 30 ਜਨਵਰੀ ਤੋਂ ਉਮੀਦਵਾਰਾਂ ਦੁਆਰਾ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਸਕਣਗੇ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ 30 ਜਨਵਰੀ ਤੋਂ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਗਰ ਕੌਸਲ ਮਾਨਸਾ ਲਈ ਉਮੀਦਵਾਰ ਕੋਰਟ ਰੂਮ, ਦਫ਼ਤਰ ਉਪ ਮੰਡਲ ਮੈਜਿਸਟਰੇਟ ਮਾਨਸਾ ਵਿਖੇ, ਨਗਰ ਕੌਂਸਲ ਬੁਢਲਾਡਾ ਤੋਂ ਚੋਣ ਲੜਨ ਦੇ ਚਾਹਵਾਨ ਦਫ਼ਤਰ ਐਸ.ਡੀ.ਐਮ ਬੁਢਲਾਡਾ ਦੇ ਐਸ.ਡੀ.ਐਮ ਕੋਰਟ ਰੂਮ ਵਿਖੇ, ਬਰੇਟਾ ਦੇ ਉਮੀਦਵਾਰ ਦਫ਼ਤਰ ਨਗਰ ਕੌਂਸਲ ਬਰੇਟਾ ਵਿਖੇ, ਜੋਗਾ ਦੇ ਉਮੀਦਵਾਰ ਤਹਿਸੀਲ ਦਫ਼ਤਰ ਮਾਨਸਾ ਦੇ ਕਮਰਾ ਨੰਬਰ 2 ਵਿਖੇ ਅਤੇ ਬੋਹਾ ਦੇ ਉਮੀਦਵਾਰ ਦਫ਼ਤਰ ਮਾਰਕਿਟ ਕਮੇਟੀ ਬੋਹਾ ਵਿਖੇ ਮਿਤੀ 3 ਫਰਵਰੀ ਤੱਕ ਕਿਸੇ ਵੀ ਕੰਮਕਾਜ ਵਾਲੇ ਦਿਨ (ਸਿਵਾਏ ਪਬਲਿਕ ਹੋਲੀਡੇਅ) ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦੇ ਹਨ।