ਬੁਢਲਾਡਾ – 23 ਜਨਵਰੀ (ਸਾਰਾ ਯਹਾ /ਅਮਨ ਮਹਿਤਾ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਨੇ ਉੱਘੇ ਸੁਤੰਤਰਤਾ ਸੈਨਾਨੀ ਅਤੇ ਆਜ਼ਾਦ ਹਿੰਦ ਫੌਜ ਦੇ ਮੋਢੀ ਸੁਭਾਸ਼ ਚੰਦਰ ਬੋਸ ਜੀ ਦੇ 125 ਵੇਂ ਜਨਮ ਦਿਹਾੜੇ ਮੌਕੇ ਸ਼ਹਿਰ ਦੇ ਪੈਟਰੋਲ ਪੰਪ ‘ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਕਿਸਾਨਾਂ ਨੇ ਸੰਕਲਪ ਲਿਆ ਕਿ ਉਹ ਸੁਭਾਸ਼ ਚੰਦਰ ਬੋਸ ਜਿਹੇ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਸਾਕਾਰ ਦੀ ਜੱਦੋ-ਜਹਿਦ ਨੂੰ ਅੱਗੇ ਵਧਾਉਣ ਲਈ ਅਤੇ ਇਸ ਅੰਦੋਲਨ ਦੀ ਸਫਲਤਾ ਲਈ ਦਿਨ-ਰਾਤ ਇੱਕ ਕਰ ਦੇਣਗੇ। ਅੱਜ ਪੈਟਰੋਲ ਪੰਪ ‘ਤੇ ਇਕੱਠੇ ਹੋਏ ਕਿਸਾਨਾਂ ਅਤੇ ਵੱਖ-ਵੱਖ ਆਗੂਆਂ ਨੇ ਸੁਭਾਸ਼ ਚੰਦਰ ਬੋਸ ਦੀ ਤਸਵੀਰ ਨੂੰ ਸਿਜਦਾ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕਿਸਾਨਾਂ ਦੇ ਇਕੱਠ ਨੂੰ ਪੰਜਾਬ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬੋਸ ਵਰਗੇ ਅਨੇਕਾਂ ਦੇਸ਼ ਭਗਤਾਂ ਨੇ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਬੜੀਆਂ ਦੁੱਖ ਤਕਲੀਫਾਂ ਝੱਲੀਆਂ ਹਨ। ਪਰ ਮੋਦੀ ਸਰਕਾਰ ਦੇਸ਼ ਨੂੰ ਆਰਥਿਕ ਪੱਖੋਂ ਖੋਖਲਾ ਕਰਕੇ ਸਾਮਰਾਜੀ ਮੁਲਕਾਂ ਦੀ ਜਕੜ ਵਿੱਚ ਲਿਆਉਣ ਦਾ ਤਾਣਾ ਬੁਣ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ 26 ਜਨਵਰੀ ਦੀ ਦਿੱਲੀ ਕਿਸਾਨ ਪਰੇਡ ਪ੍ਰਤੀ ਪੂਰਾ ਉਤਸ਼ਾਹ ਹੈ। ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਟਰੈਕਟਰਾਂ ਸਮੇਤ ਕੂਚ ਕਰਨਗੇ।