ਮੁੱਖ ਮੰਤਰੀ ਵੱਲੋਂ ਉਸਾਰੀ ਕਾਮਿਆਂ ਦੀਆਂ ਲੜਕੀਆਂ ਲਈ ਸ਼ਗਨ ਸਕੀਮ 31000 ਰੁਪਏ ਤੋਂ ਵਧਾ ਕੇ 51000 ਰੁਪਏ ਕਰਨ ਦਾ ਐਲਾਨ

0
72

ਚੰਡੀਗੜ, 23 ਜਨਵਰੀ  (ਸਾਰਾ ਯਹਾ/ਮੁੱਖ ਸੰਪਾਦਕ)ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਿਰਤੀ ਕਾਮਿਆਂ ਦੀਆਂ ਕੁੜੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸ਼ਗਨ ਦੀ ਰਾਸ਼ੀ ਪਹਿਲੀ ਅਪਰੈਲ 2021 ਤੋਂ 31000 ਰੁਪਏ ਤੋਂ ਵਧਾ ਕੇ 51000 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੋਵਿਡ ਟੈਸਟ ਪਾਜ਼ੇਟਿਵ ਪਏ ਜਾਂਦੇ ਇਨਾਂ ਕਿਰਤੀਆਂ ਜਾਂ ਇਨਾਂ ਦੇ ਪਰਿਵਾਰਕ ਮੈਂਬਰਾਂ ਨੂੰ 1500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਵੀ ਮਨਜ਼ੂਰੀ ਦੇ ਦਿੱਤੀ।
ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਮਾਰਤ ਅਤੇ ਹੋਰ ਉਸਾਰੀ ਕਾਮਿਆਂ (ਬੀ.ਓ.ਸੀ.ਡਬਲਿਊ.) ਭਲਾਈ ਬੋਰਡ ਦੀ ਸ਼ੁੱਕਰਵਾਰ ਸ਼ਾਮ ਨੂੰ ਵੀਡਿਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਲਿਆ ਗਿਆ।
ਇਸ ਤੋਂ ਇਲਾਵਾ ਸ਼ਗਨ ਦਾ ਫਾਇਦਾ ਹਾਸਲ ਕਰਨ ਲਈ ਪ੍ਰਕਿਰਿਆ ਆਸਾਨ ਕਰਦਿਆਂ ਮੁੱਖ ਮੰਤਰੀ ਨੇ ਮੌਜੂਦਾ ਸ਼ਰਤਾ ਵਿੱਚ ਕਿਸੇ ਵੀ ਧਾਰਮਿਕ ਸੰਸਥਾ ਗੁਰਦੁਆਰਾ, ਮੰਦਿਰ ਤੇ ਚਰਚ ਵੱਲੋਂ ਜਾਰੀ ਕੀਤੇ ਵਿਆਹ ਸਰਟੀਫਿਕੇਟ ਨੂੰ ਇਸ ਮੰਤਵ ਕਰਨ ਲਈ ਸਵਿਕਾਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ। 50 ਫੀਸਦੀ ਰਾਸ਼ੀ ਐਡਵਾਂਸ ਵਿੱਚ ਹਾਸਲ ਕੀਤੀ ਜਾ ਸਕਦੀ ਹੈ ਜਦੋਂ ਕਿ ਬਾਕੀ ਰਾਸ਼ੀ ਸੋਧੇ ਨਿਯਮਾਂ ਤਹਿਤ ਸਬੰਧਤ ਅਥਾਰਟੀ ਵੱਲੋਂ ਜਾਰੀ ਵਿਆਹ ਸਰਟੀਫਿਕੇਟ ਨੂੰ ਜਮਾਂ ਕਰਵਾਉਣ ਤੋਂ ਬਾਅਦ ਜਾਰੀ ਕੀਤੀ ਜਾਵੇਗੀ। ਇਮਾਰਤ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਧੀਆਂ ਇਸ ਸਕੀਮ ਦੇ ਤਹਿਤ ਯੋਗ ਹਨ।
ਇਕ ਹੋਰ ਵੱਡੇ ਫੈਸਲੇ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਸਾਰੀ ਗਤੀਵਿਧੀਆਂ ਦੌਰਾਨ ਕੰਮ ਕਰਦਿਆਂ ਹਾਦਸੇ ਵਿੱਚ ਕਿਰਤੀ ਦੀ ਮੌਤ ਹੋਣ ਦੀ ਸੂਰਤ ਵਿੱਚ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਭਾਵੇਂ ਕਿ ਉਹ ਉਸਾਰੀ ਬੋਰਡ ਨਾਲ ਰਜਿਸਟਰਡ ਹੋਵੇ ਜਾਂ ਨਹੀਂ ਬਸ਼ਰਤੇ ਉਹ ਉਸਾਰੀ ਕਿਰਤੀ ਵਜੋਂ ਰਜਿਸਟਰਡ ਹੋਣ ਦੇ ਯੋਗ ਹੋਵੇ।
ਸਰਕਾਰੀ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਭਲਾਈ ਸਕੀਮਾਂ ਤਹਿਤ ਲਾਭ ਲੈਣ ਲਈ ਬਿਨੈ ਪੱਤਰ ਜਮਾਂ ਕਰਵਾਉਣ ਦੀ ਸਮਾਂ ਸੀਮਾ ਵਧਾਉਣ ਦਾ ਫੈਸਲਾ ਕੀਤਾ। ਮੌਜੂਦਾ ਸਮੇਂ ਇਹ ਸੀਮਾ ਛੇ ਮਹੀਨੇ ਦੀ ਸੀ ਜਿਸ ਨੂੰ ਵਧਾ ਕੇ ਇਕ ਸਾਲ ਕਰਨ ਦਾ ਫੈਸਲਾ ਕੀਤਾ ਗਿਆ ਕਿਉਕਿ ਕਈ ਕਾਮੇ ਕੋਵਿਡ-19 ਮਹਾਂਮਾਰੀ ਕਾਰਨ ਬਿਨੈ ਪੱਤਰ ਨਹੀਂ ਦੇ ਸਕੇ। ਇਸ ਤੋਂ ਇਲਾਵਾ ਸਕਰੀਨਿੰਗ ਕਮੇਟੀ ਵੱਲੋਂ ਪੈਨਸ਼ਨ ਬਿਨੈ ਪੱਤਰ ਰੱਦ ਕਰਨ ਦੀ ਸੂਰਤ ਵਿੱਚ ਉਸਾਰੀ ਕਿਰਤੀਆਂ ਨੂੰ ਸਕੱਤਰ ਬੋਰਡ ਕੋਲ ਅਪੀਲ ਕਰਨ ਦਾ ਸਮਾਂ ਵੀ 90 ਦਿਨ ਤੋਂ ਵਧਾ ਕੇ 120 ਦਿਨ ਕਰ ਦਿੱਤਾ। ਬਾਲੜੀ (ਲੜਕੀ) ਜਨਮ ਤੋਹਫਾ ਸਕੀਮ ਤਹਿਤ ਬੋਰਡ ਨੇ ਬਿਨੈ ਪੱਤਰ ਜਮਾਂ ਕਰਵਾਉਣ ਦੀ ਸਮਾਂ ਸੀਮਾ ਵਧਾਉਣ ਦਾ ਫੈਸਲਾ ਕੀਤਾ। ਲਾਭਪਾਤਰੀਆਂ ਦੀ ਲੜਕੀ ਦੇ ਜਨਮ ਦੀ ਤਰੀਕ ਤੋਂ ਛੇ ਮਹੀਨਿਆਂ ਤੋਂ ਵਧਾ ਕੇ ਇਕ ਸਾਲ ਕਰਨ ਦਾ ਫੈਸਲਾ ਕੀਤਾ ਗਿਆ।
ਵੱਖ-ਵੱਖ ਸਕੀਮਾਂ ਦੇ ਲਾਭ ਲੈਣ ਸਬੰਧੀ ਨਿਯਮਾਂ ਵਿਚ ਇੱਕ ਹੋਰ ਢਿੱਲ ਤਹਿਤ ਕਿਰਤੀ ਮਜ਼ਦੂਰ ਹੁਣ ਚਾਰ ਸਰਕਾਰੀ ਦਸਤਾਵੇਜ਼ਾਂ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਰਾਸ਼ਨ ਕਾਰਡ ਵਿਚੋਂ ਕੋਈ 2 ਦਸਤਾਵੇਜ਼ ਜਮਾਂ ਕਰ ਸਕਦੇ ਹਨ। ਬਹੁਤ ਸਾਰੇ ਕਾਮੇ ਜਨਮ ਸਰਟੀਫਿਕੇਟ ਦੀ ਘਾਟ ਕਾਰਨ ਪਹਿਲਾਂ ਲਾਭ ਪ੍ਰਾਪਤ ਨਹੀਂ ਕਰ ਸਕਦੇ ਸਨ ਜੋ ਕਿ ਇਸ ਸੋਧ ਤੋਂ ਪਹਿਲਾਂ ਇਕੋ ਇਕੋ ਇੱਕ ਯੋਗ ਸਬੂਤ ਮੰਨਿਆ ਜਾਂਦਾ ਸੀ।
ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿਚ ਬੋਰਡ ਨੇ ਫਰਮਾਸਿਊਟੀਕਲ/ਪੈਰਾ ਮੈਡੀਕਲ ਦੀ ਪੜਾਈ ਵਿਚ ਡਿਗਰੀ/ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦਾ ਸਾਲਾਨਾ ਵਜ਼ੀਫ਼ਾ 25,000 ਤੋਂ ਵਧਾ ਕੇ 35000 ਰੁਪਏ ਅਤੇ  ਲੜਕੀਆਂ ਦਾ ਵਜ਼ੀਫਾ 30,000 ਤੋਂ ਵਧਾ ਕੇ 40,000 ਰੁਪਏ ਕਰਨ ਦਾ ਐਲਾਨ ਕੀਤਾ। ਇਸੇ ਤਰਾਂ ਫਰਮਾਸਿਊਟੀਕਲ/ਪੈਰਾ ਮੈਡੀਕਲ ਦੀ ਪੜਾਈ ਵਿਚ ਡਿਗਰੀ/ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦੇ ਹੋਸਟਲ ਦਾ ਵਜ਼ੀਫ਼ਾ 40,000 ਤੋਂ ਵਧਾ ਕੇ 50,000 ਰੁਪਏ ਅਤੇ ਲੜਕੀਆਂ ਦਾ ਵਜ਼ੀਫਾ 45,000 ਤੋਂ ਵਧਾ ਕੇ 55,000 ਰੁਪਏ ਕਰ ਦਿੱਤਾ ਗਿਆ ਹੈ। ਮੈਡੀਕਲ ਅਤੇ ਇੰਜੀਨੀਅਰਿੰਗ ਵਿੱਚ ਪੜਦੇ ਵਿਦਿਆਰਥੀ ਮੁੰਡਿਆਂ ਦਾ ਸਾਲਾਨਾ ਵਜ਼ੀਫਾ ਵਿਚ ਵਾਧਾ 40,000 ਰੁਪਏ ਤੋਂ ਵਧਾ ਕੇ 50,000 ਰੁਪਏ ਅਤੇ ਲੜਕੀਆਂ ਦਾ ਵਜੀਫਾ 50,000 ਤੋਂ 60,000 ਰੁਪਏ ਜਦੋਂ ਕਿ ਹੋਸਟਲ ਵਜ਼ੀਫਾ ਕ੍ਰਮਵਾਰ 70,000 ਅਤੇ 80,000 ਕਰ ਦਿੱਤਾ ਹੈ। ਹੋਣਹਾਰ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਬੋਰਡ ਨੇ ਹੁਣ ਨਤੀਜਿਆਂ ਦੇ ਐਲਾਨ ਤੋਂ ਛੇ ਮਹੀਨੇ ਦੀ ਬਜਾਏ ਇਕ ਸਾਲ ਦੇ ਅੰਦਰ-ਅੰਦਰ ਕਲੇਮ ਲੈਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸੇ ਤਰਾਂ ਜ਼ਿਲਾ, ਰਾਜ ਜਾਂ ਕੌਮੀ ਪੱਧਰ ਦੇ ਖਿਡਾਰੀਆਂ ਵਲੋਂ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਲਈ ਵੀ ਇਹ ਸੋਧ ਲਾਗੂ ਹੋਵੇਗੀ।
ਇਸ ਤੋਂ ਇਲਾਵਾ ਬੋਰਡ ਨੇ ਹੁਣ ਉਸਾਰੀ ਕਾਮਿਆਂ ਨੂੰ ਇਕ ਸਾਲ ਦੀ ਮਿਆਦ ਦੇ ਅੰਦਰ ਆਪਣੀ ਮੈਂਬਰਸ਼ਿਪ ਨਵਿਆਉਣ ਦੀ ਆਗਿਆ ਦੇ ਦਿੱਤੀ ਹੈ ਤਾਂ ਜੋ ਉਹ ਇਕ ਸਾਲ ਦੇ ਗ੍ਰੇਸ ਪੀਰੀਅਡ ਦੌਰਾਨ ਵੱਖ-ਵੱਖ ਭਲਾਈ ਸਕੀਮਾਂ ਅਧੀਨ ਅਰਜ਼ੀ ਦੇ ਸਕਣ ਅਤੇ ਵਿੱਤੀ ਲਾਭ ਪ੍ਰਾਪਤ ਕਰ ਸਕਣ। ਦਿਵਿਆਂਗਾਂ ਦੀ ਮੌਤ ਦੇ ਮਾਮਲੇ ਵਿੱਚ ਬੀਮਾ ਅਤੇ ਹੋਰ ਲਾਭਾਂ ਦੇ ਨਾਲ ਨਾਲ ਐਲ.ਟੀ.ਸੀ. ਲਾਭ, ਡਾਕਰਟਰੀ ਸਹਾਇਤਾ ਦੀ ਪ੍ਰਤੀ ਪੂਰਤੀ, ਅੰਤਿਮ ਸੰਸਕਾਰ ਲਈ ਵਿੱਤੀ ਸਹਾਇਤਾ, ਮਾਨਸਿਕ ਤੌਰ ’ਤੇ ਅਪਾਹਜ/ਦਿਵਿਆਂਗ ਬੱਚਿਆਂ ਲਈ ਸਹਾਇਤਾ, ਜਣੇਪੇ ਦੌਰਾਨ ਲੋੜੀਂਦੀ ਸਹਾਇਤਾ ਆਦਿ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ।
——–

LEAVE A REPLY

Please enter your comment!
Please enter your name here