ਨਵੀਂ ਦਿੱਲੀ 15, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕਾਂਗਰਸ (Congress) ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਸ਼ੁੱਕਰਵਾਰ ਨੂੰ ਕੇਂਦਰੀ ਖੇਤੀ ਕਾਨੂੰਨਾਂ (Farm Laws) ਦੇ ਮੁੱਦੇ ’ਤੇ ਮੁੜ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਤਿੰਨੇ ਕਾਨੂੰਨ ਵਾਪਸ ਲਏ ਜਾਣ ਤੱਕ ਉਨ੍ਹਾਂ ਦੀ ਪਾਰਟੀ ਪਿੱਛੇ ਨਹੀਂ ਹਟੇਗੀ।
ਉਪ ਰਾਜਪਾਲ ਦੀ ਰਿਹਾਇਸ਼ਗਾਹ ਨੇੜੇ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਰਾਹੁਲ ਗਾਂਧੀ ਨੇ ਕਿਹਾ,‘ਕੁਝ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਜ਼ਮੀਨ ਅਕਵਾਇਰ ਕਰਨ ਨਾਲ ਸਬੰਧਤ ਬਿਲ ਰਾਹੀਂ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਕਾਂਗਰਸ ਨੇ ਉਸ ਨੂੰ ਰੋਕਿਆ। ਭਾਜਪਾ ਇੱਕ ਵਾਰ ਫਿਰ ਕਿਸਾਨਾਂ ਉੱਤੇ ਹਮਲਾ ਬੋਲ ਰਹੀ ਹੈ।’
ਉਨ੍ਹਾਂ ਦੋਸ਼ ਲਾਇਆ ਕਿ ਇਹ ਤਿੰਨੇ ਕਾਨੂੰਨ ਕਿਸਾਨਾਂ ਦੀ ਮਦਦ ਕਰਨ ਲਈ ਨਹੀਂ, ਸਗੋਂ ਉਨ੍ਹਾਂ ਨੂੰ ਖ਼ਤਮ ਕਰਨ ਲਈ ਹਨ। ਸਰਕਾਰ ਕੁਝ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਨਾਲ ਖੜ੍ਹੀ ਹੈ। ਸਰਕਾਰ ਨੂੰ ਇਹ ਤਿੰਨੇ ਕਾਨੂੰਨ ਵਾਪਸ ਲੈਣੇ ਹੋਣਗੇ। ਸਰਕਾਰ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲਵੇਗੀ, ਤਦ ਤੱਕ ਕਾਂਗਰਸ ਪਿੱਛੇ ਨਹੀਂ ਹਟੇਗੀ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕੀਤਾ,‘ਦੇਸ਼ ਦੇ ਅੰਨਦਾਤਾ ਆਪਣੇ ਅਧਿਕਾਰ ਲਈ ਹੰਕਾਰੀ ਮੋਦੀ ਸਰਕਾਰ ਵਿਰੁੱਧ ਸੱਤਿਆਗ੍ਰਹਿ ਕਰ ਰਹੇ ਹਨ। ਅੱਜ ਸਮੁੱਚਾ ਭਾਰਤ ਕਿਸਾਨਾਂ ਉੱਤੇ ਅੱਤਿਆਚਾਰ ਢਾਹੁਣ ਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਹੈ। ਤੁਸੀਂ ਵੀ ਜੁੜੋ ਤੇ ਇਸ ਸੱਤਿਆਗ੍ਰਹਿ ਦਾ ਹਿੱਸਾ ਬਣੋ।’
ਇਹ ਵੀ ਦੱਸ ਦੇਈਏ ਕਿ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਾਂਗਰਸ ਨੇ ਅੱਜ ਸ਼ੁੱਕਰਵਾਰ ਨੂੰ ‘ਕਿਸਾਨ ਅਧਿਕਾਰ ਦਿਵਸ’ ਮਨਾਇਆ। ਇਸ ਦੇ ਨਾਲ ਹੀ ਅੰਦੋਲਨਕਾਰੀ ਕਿਸਾਨਾਂ ਦੇ ਹੱਕ ’ਚ ‘ਸਪੀਕ ਅੱਪ ਫ਼ਾਰ ਕਿਸਾਨ ਅਧਿਕਾਰ’ ਹੈਸ਼-ਟੈਗ ਨਾਲ ਸੋਸ਼ਲ ਮੀਡੀਆ ਮੁਹਿੰਮ ਵੀ ਚਲਾਈ।