ਅਡਾਨੀ ਗਰੁੱਪ ਨੂੰ ਫ਼ਾਇਦਾ ਪਹੁੰਚਾਉਣ ਲਈ ਐਫ਼ਸੀਆਈ ਨੂੰ ਵੱਡੇ ਕਰਜ਼ੇ ’ਚ ਡੋਬਿਆ: ਨਵਜੋਤ ਸਿੱਧੂ

0
109

ਪਟਿਆਲਾ 15, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੀ ਐਨਡੀਏ ਸਰਕਾਰ ਉੱਤੇ ਦੋਸ਼ ਲਾਇਆ ਹੈ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਭਾਰਤੀ ਖ਼ੁਰਾਕ ਨਿਗਮ (ਐਫ਼ਸੀਆਈ) ਸਿਰ ਕਰਜ਼ਾ ਵਧਦਾ ਜਾ ਰਿਹਾ ਹੈ ਤੇ ਉਸ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਹੈ।

ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਐਫ਼ਸੀਆਈ ਲਈ ਸਰਕਾਰ ਫ਼ੰਡ ਹੀ ਜਾਰੀ ਨਹੀਂ ਕਰ ਰਹੀ। ਇਸ ਨਿਗਮ ਦੀ ਸਥਾਪਨਾ 1965 ’ਚ ਫ਼ਸਲਾਂ ਦਾ ਵਾਧੂ ਸਟਾਕ ਜਨਤਕ ਵੰਡ ਪ੍ਰਣਾਲੀ ’ਚ ਭੇਜਣ ਵਿੱਚ ਮਦਦ ਲਈ ਕੀਤੀ ਗਈ ਸੀ ‘ਪਰ ਹੁਣ ਅਡਾਨੀ ਗਰੁੱਪ ਜਿਹੇ ਅਮੀਰ ਕਾਰਪੋਰੇਟ ਅਦਾਰਿਆਂ ਨੂੰ ਮਦਦ ਪਹੁੰਚਾਉਣ ਦੀ ਮਨਸ਼ਾ ਨਾਲ ਐਫ਼ਸੀਆਈ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ।’

ਉਨ੍ਹਾਂ ਦੱਸਿਆ ਕਿ ਐਫ਼ਸੀਆਈ ਦਾ ਜਿਹੜਾ ਕਰਜ਼ਾ ਸਾਲ 2014 ’ਚ 91,000 ਕਰੋੜ ਰੁਪਏ ਸੀ, ਉਹ ਹੁਣ ਵਧ ਕੇ 4 ਲੱਖ ਕਰੋੜ ਰੁਪਏ ਹੋ ਗਿਆ ਹੈ। ‘ਇਹ ਕਰਜ਼ਾ ਵਧਣ ਦਾ ਕਾਰਣ ਸਿਰਫ਼ ਇਹੋ ਹੈ ਕਿ ਉਸ ਨੂੰ ਪਹਿਲਾਂ ਦੇ ਮੁਕਾਬਲੇ ਸਿਰਫ਼ ਅੱਧੀ ਰਕਮ ਹੀ ਬਜਟ ’ਚ ਦਿੱਤੀ ਜਾਂਦੀ ਹੈ। ਪਿਛਲੇ ਸਾਲ ਹੀ ਉਸ ਦੇ ਬਜਟ ਵਿੱਚ 20 ਤੋਂ 30 ਫ਼ੀਸਦੀ ਕਟੌਤੀ ਕੀਤੀ ਗਈ ਸੀ।’

ਨਵਜੋਤ ਸਿੱਧੂ ਨੇ ਇਹ ਵੀ ਦੱਸਿਆ ਕਿ ਐੱਫ਼ਸੀਆਈ ਨੇ ਰਾਸ਼ਟਰੀ ਛੋਟੀਆਂ ਬੱਚਤਾਂ ਫ਼ੰਡ ਤੋਂ ਕਰਜ਼ੇ ਲਏ ਹਨ ਉਨ੍ਹਾਂ ਕਿਹਾ ਕਿ ਬਹੁਤੇ ਰਾਜਾਂ ਵਿੱਚ ਅਡਾਨੀ ਦੇ ਸਾਇਲੋਜ਼ ਦੀ ਸਮਰੱਥਾ 8.5 ਲੱਖ ਮੀਟ੍ਰਿਕ ਟਨ ਹੈ। ਇਸ ਤੋਂ ਇਲਾਵਾ ਸਰਕਾਰ ਨੇ 30 ਸਾਲ ਤੱਕ ਦੇ ਕੰਟ੍ਰੈਕਟ ਅਡਾਨੀ ਦੀਆਂ ਕੰਪਨੀਆਂ ਨੂੰ ਦੇ ਦਿੱਤੇ ਹਨ ਪਰ ਕਿਸਾਨਾਂ ਲਈ ਇੱਕ ਵੀ ਸਹੂਲਤ ਨਹੀਂ ਦਿੱਤੀ ਗਈ।

ਨਵਜੋਤ ਸਿੱਧੂ ਨੇ ਕਿਹਾ ਕਿ ਐਫ਼ਸੀਆਈ ਦੀ ਸਮੀਖਿਆ ਤੇ ਇਸ ਦੇ ਪੁਨਰਗਠਨ ਲਈ ਕਾਇਮ ਕੀਤੀ ਗਈ ਸ਼ਾਂਤਾ ਕੁਮਾਰ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ ਕਿ ਅਡਾਨੀ ਗਰੁੱਪ ਸਾਈਲੋਜ਼ ਬਣਾਵੇ, ਜੋ ਬਾਅਦ ਵਿੱਚ ਖ਼ਰੀਦ ਕੇਂਦਰਾਂ ’ਚ ਤਬਦੀਲ ਕਰ ਦਿੱਤੇ ਜਾਣ। ‘ਇੰਝ ਆੜ੍ਹਤੀਆ ਪ੍ਰਣਾਲੀ ਦਾ ਖ਼ਾਤਮਾ ਹੋ ਜਾਵੇਗਾ ਤੇ ਕਿਸਾਨਾਂ ਤੋਂ ਖ਼ਰੀਦ ਕੇਵਲ ਅਡਾਨੀ ਹੀ ਕਰਨਗੇ।’

LEAVE A REPLY

Please enter your comment!
Please enter your name here