ਮਾਨਸਾ, 07 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ): ਜ਼ਿਲ੍ਹੇ ਵਿਚੋਂ ਲੰਘਣ ਵਾਲੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਦੀ ਭੂਮੀਗਤ ਤੇਲ ਪਾਈਪਲਾਈਨ ਰਾਮਾਮੰਡੀ-ਰੇਵਾੜੀ ਕਾਨ੍ਹਪੁਰ ਦੀ ਸੁਰੱਖਿਆ ਅਤੇ ਨਿਰੰਤਰ ਨਿਗਰਾਨੀ ਦੇ ਸਬੰਧ ਵਿਚ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ ਦੁਆਰਾ ਕੀਤੀ ਗਈ। ਐਚ.ਪੀ.ਸੀ.ਐਲ. ਪਾਈਪਲਾਈਨ ਦੀ ਸੁਰੱਖਿਆ ਲਈ ਐਚ.ਪੀ.ਸੀ.ਐਲ. ਅਤੇ ਪੁਲਿਸ ਦੇ ਆਪਸੀ ਤਾਲਮੇਲ ਬਣਾਈ ਰੱਖਣ, ਪਾਈਪਲਾਈਨ ਨੂੰ ਨੁਕਸਾਨ ਪਹੁੰਚਣ, ਚੋਰੀ ਦੇ ਮਾਮਲੇ ਵਿਚ ਤੁਰੰਤ ਮੌਕੇ ’ਤੇ ਜਾਂਚ, ਰਿਪੋਰਟ ਅਤੇ ਸਖ਼ਤ ਕਾਰਵਾਈ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਐਸ.ਐਸ.ਪੀ. ਸ੍ਰੀ ਸੁਰੇਂਦਰ ਲਾਂਬਾ ਨੇ ਐਚ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਸਥਾਨਕ ਪੁਲਿਸ ਵੱਲੋਂ ਤੇਲ ਪਾਈਪਲਾਈਨ ਦੀ ਸੁਰੱਖਿਆ ਲਈ ਪੂਰਨ ਸਹਿਯੋਗ ਦਾ ਵਿਸ਼ਵਾਸ ਜਤਾਇਆ। ਰਾਮਾਮੰਡੀ ਡਿਸਪੈਚ ਸਟੇਸ਼ਨ, ਬਠਿੰਡਾ ਦੇ ਮੁੱਖ ਸਟੇਸ਼ਨ ਪ੍ਰਬੰਧਕ ਸ੍ਰੀ ਅਖ਼ਲਾਕ ਅਹਿਮਦ ਨੇ ਇਸ ਸਹਿਯੋਗ ਲਈ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ।
ਇਸ ਮੌਕੇ ਆਰ.ਓ.ਯੂ ਅਧਿਕਾਰੀ ਸ੍ਰੀ ਜਤਿੰਦਰ ਕੁਮਾਰ, ਡੀ.ਸੀ.ਪੀ. ਸਰਦੂਲਗੜ੍ਹ ਸ੍ਰੀ ਸੰਜੀਵ ਗੋਇਲ, ਥਾਣਾ ਮੁਖੀ ਜੌੜਕੀਆਂ ਸ੍ਰੀ ਸੁਰਜਨ ਸਿੰਘ, ਥਾਣਾ ਮੁਖੀ ਸਰਦੂਲਗੜ੍ਹ ਅਜੈ ਪ੍ਰਚਾ, ਥਾਣਾ ਮੁਖੀ ਝੁਨੀਰ ਪ੍ਰਵੀਨ ਕੁਮਾਰ ਮੌਜੂਦ ਸਨ।