ਅੰਮ੍ਰਿਤਸਰ 29 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ‘ਚ ਠੰਢ ਆਪਣਾ ਕਹਿਰ ਵਿਖਾ ਰਹੀ ਹੈ। ਮੰਗਲਵਾਰ ਸਵੇਰੇ ਪੰਜਾਬ’ਚ ਪਾਰਾ 2 ਡਿਗਰੀ ਤਕ ਡਿੱਗ ਗਿਆ। ਪਹਾੜੀ ਖੇਤਰਾਂ ‘ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਰਫਬਾਰੀ ਤੋਂ ਬਆਦ ਮੈਦਾਨੀ ਖੇਤਰਾਂ ‘ਚ ਸ਼ੀਤ ਲਹਿਰ ਦਾ ਅਸਰ ਦਿਖ ਰਿਹਾ ਹੈ ਜਿਸ ਦਾ ਸਭ ਤੋਂ ਵੱਧ ਅਸਰ ਅੰਮ੍ਰਿਤਸਰ ‘ਚ ਦੇਖਣ ਨੂੰ ਮਿਲ ਰਿਹਾ ਹੈ। ਤਾਪਮਾਨ ‘ਚ ਲਗਾਤਾਰ ਗਿਰਾਵਟ ਆ ਰਹੀ ਹੈ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀਆਂ ਮੁਤਾਬਕ 2 ਜਨਵਰੀ ਤਕ ਪਾਰਾ ਹੋਰ ਹੇਠਾਂ ਡਿੱਗ ਸਕਦਾ ਹੈ ਜਿਸ ਕਾਰਨ ਠੰਢ ਦਾ ਕਹਿਰ ਅਗਲੇ ਦਿਨਾਂ ‘ਚ ਜਾਰੀ ਰਹੇਗਾ।
ਪਹਿਲਾਂ ਧੁੰਦ ਤੇ ਹੁਣ ਕੋਹਰੇ ਨੇ ਲੋਕਾਂ ਨੂੰ ਠਾਰਨਾ ਸ਼ੁਰੂ ਕਰ ਦਿੱਤਾ ਹੈ।ਦੂਜੇ ਪਾਸੇ ਅੱਤ ਦੀ ਪੈ ਰਹੀ ਠੰਢ ਦਾ ਸ਼ਰਧਾ ਉਤੇ ਕੋਈ ਅਸਰ ਨਹੀਂ ਦਿਖ ਰਿਹਾ। ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤ ਠੰਢ ਦੀ ਪ੍ਰਵਾਹ ਕੀਤੇ ਬਗੈਰ ਨਤਮਸਤਕ ਹੋਣ ਆ ਰਹੀ ਹੈ। ਸ਼ੀਤ ਲਹਿਰ ਕਾਰਨ ਆਮ ਜੀਵਨ ਪੂਰੀ ਤਰਾਂ ਪ੍ਰਭਾਵਿਤ ਹੋਇਆ ਹੈ ਪਰ ਹਰ ਵਾਰ ਦੀ ਤਰਾਂ ਸ਼੍ਰੋਮਣੀ ਕਮੇਟੀ ਨੇ ਪੂਰੇ ਪ੍ਰਬੰਧ ਕੀਤੇ ਹਨ। ਦਰਬਾਰ ਸਾਹਿਬ ਪਰਿਕਰਮਾ ‘ਚ ਗਰਮ ਪਾਣੀ ਦੀ ਵਿਵਸਥਾ, ਤੀਹਰੇ ਟਾਟ ਵਿਛਾਏ ਗਏ ਤਾਂ ਕਿ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਏ। ਦੂਜੇ ਪਾਸੇ ਸੰਗਤ ਦਾ ਕਹਿਣਾ ਹੈ ਕਿ ਸਰਦੀ ਦਾ ਸ਼ਰਧਾ ਤੇ ਕੋਈ ਅਸਰ ਨਹੀਂ।
ਸ਼੍ਰੋਮਣੀ ਕਮੇਟੀ ਵੱਲੋਂ ਮੈਨੇਜਰ ਸਤਨਾਮ ਸਿੰਘ ਕਾਹਲੋਂ ਨੇ ਦੱਸਿਆ ਕਿ ਸੰਗਤ ਨੂੰ ਸਰਦੀ ਤੋਂ ਮਹਿਫੂਜ਼ ਰੱਖਣ ਲਈ ਜੋੜੇ ਘਰ ਤੋਂ ਵਿਵਸਥਾ ਸ਼ੁਰੂ ਕਰ ਦਿੱਤੀ ਜਾਂਦੀ ਹੈ। ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।