ਚੰਡੀਗੜ, 27 ਦਸੰਬਰ (ਸਾਰਾ ਯਹਾ /ਜੋਨੀ ਜਿੰਦਲ) : ਜਰਮਨੀ ਤੋਂ ੳੱੁਤਮ ਨਸਲ ਦੇ ਮੰਗਵਾਏ ਹੋਲਸਟੀਨ ਫ੍ਰਾਈਸੀਅਨ ਨਸਲ ਦੇ ਬਲਦਾਂ ਵਿਚੋਂ ਪੰਜਾਬ ਨੂੰ 4 ਬਲਦ ਮਿਲੇ ਹਨ। ਪੰਜਾਬ ਦੇ ਪਸੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਗੋਕਲ ਮਿਸ਼ਨ ਦੇ ਤਹਿਤ ਕੌਮੀ ਡੇਅਰੀ ਵਿਕਾਸ ਬੋਰਡ ਨੇ ਦੇਸ਼ ਵਿਚ ਕਰਾਸਬ੍ਰੀਡ ਗਾਵਾਂ ਦੇ ਜਰਮ ਪਲਾਜ਼ਮਾ ਵਿੱਚ ਸੁਧਾਰ ਲਈ ਜਰਮਨੀ ਤੋਂ ਇਹ ਉੱਤਮ ਨਸਲ ਦੇ ਬਲਦ ਮੰਗਵਾਏ ਹਨ। ਉਨਾਂ ਕਿਹਾ ਕਿ ਪੰਜਾਬ ਨੂੰ ਮੁਹੱਈਆ ਕਰਵਾਏ ਗਏ ਉੱਤਮ ਨਸਲ ਦੇ ਇਨਾਂ ਬਲਦਾਂ ਨਾਲ ਸੂਬੇ ਵਿਚ ਨਾ ਸਿਰਫ ਦੁੱਧ ਉਤਪਾਦਨ ਨੂੰ ਹੁਲਾਰਾ ਮਿਲੇਗਾ ਸਗੋਂ ਰਾਜ ਵਿੱਚ ਦੁਧਾਰੂ ਪਸੂਆਂ ਦੀ ਨਸਲ ਵਿੱਚ ਵੀ ਸੁਧਾਰ ਹੋਵੇਗਾ।ਸ੍ਰੀ ਬਾਜਵਾ ਨੇ ਕਿਹਾ ਕਿ ਜਿਵੇਂ ਹਰ ਕੋਈ ਜਾਣਦਾ ਹੈ ਕਿ ਖੁਰਾਕ ਉਤਪਾਦਨ ਲਈ ਤੇਜ਼ੀ ਨਾਲ ਵੱਧ ਰਹੀ ਲਾਗਤ ਕਰਕੇ ਰਵਾਇਤੀ ਖੇਤੀਬਾੜੀ ਹੁਣ ਕਿਸਾਨਾਂ ਲਈ ਲਾਹੇਵੰਦ ਨਹੀਂ ਰਹੀ, ਇਸ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਡੇਅਰੀ ਨੂੰ ਸਹਾਇਕ ਖੇਤੀ ਧੰਦੇ ਵਜੋਂ ਵਿਕਸਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਡੇਅਰੀ ਨੂੰ ਇੱਕ ਲਾਹੇਵੰਦ ਧੰਦਾ ਬਣਾਉਣ ਲਈ ਸੂਬੇ ਦੇ ਪਸ਼ੂ ਪਾਲਕਾਂ ਨੂੰ ਮੁਫ਼ਤ ਗਰਭਧਾਨ ਤੇ ਟੀਕਾਕਰਨ ਸੇਵਾਵਾਂ ਅਤੇ ਹੋਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਨਾਲ ਹੀ ਕਿਹਾ ਕਿ ਪਸੂ ਪਾਲਣ ਵਿਭਾਗ ਬਹੁਤੀਆਂ ਸੇਵਾਵਾਂ ਲਈ ਪਸੂ ਪਾਲਕਾਂ ਤੋਂ ਨਾਮਾਤਰ ਫੀਸ ਵਸੂਲਦਾ ਹੈ।ਪੰਜਾਬ ਪਸੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵੀ.ਕੇ. ਜੰਜੂਆ ਨੇ ਦੱਸਿਆ ਕਿ ਦਰਾਮਦ ਕੀਤੇ ਗਏ ਐਚ.ਐਫ. ਨਸਲ ਦੇ ਬਲਦ 10 ਤੋਂ 12 ਮਹੀਨਿਆਂ ਦੇ ੳਮਰ ਦੇ ਹਨ ਅਤੇ ਅਗਲੇ 2 ਸਾਲਾਂ ਵਿੱਚ ਇੰਨਾਂ ਤੋਂ ਸੀਮਨ ਉਤਪਾਦਨ ਸਹੀ ਤਰਾਂ ਸੁਰੂ ਹੋ ਜਾਵੇਗਾ। ੳਨਾਂ ਅੱਗੇ ਕਿਹਾ ਕਿ ਪਹਿਲੇ ਸਾਲ ਦੌਰਾਨ, ਇਨਾਂ ਬਲਦਾਂ ਤੋਂ ਤਕਰੀਬਨ 8,000 -10,000 ਸੀਮਨ ਸਟਰਾਅ ਦੇ ਉਤਪਾਦਨ ਦੀ ਉਮੀਦ ਕੀਤੀ ਜਾ ਰਹੀ ਹੈ ਜੋ ਆਉਣ ਵਾਲੇ ਸਾਲਾਂ ਵਿੱਚ 25000 ਸੀਮਨ ਸਟਰਾਅ ਤੱਕ ਵਧ ਜਾਵੇਗੀ।ਉਨਾਂ ਕਿਹਾ ਕਿ ਵਿਦੇਸ਼ੀ ਜਰਮ ਪਲਾਜ਼ਮਾ ਨੂੰ ਸਥਾਨਕ ਜੀਨ ਪੂਲ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਸ ਦੇ ਨਤੀਜੇ ਵਜੋਂ ਨਸਲ ਵਿੱਚ ਸੁਧਾਰ ਹੋਵੇਗਾ।ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾ. ਐਚ.ਐਸ. ਕਾਹਲੋਂ ਨੇ ਦੱਸਿਆ ਕਿ ਦਰਾਮਦ ਕੀਤੇ ਗਏ ਇਹ ਚਾਰ ਬਲਦਾਂ ਨੂੰ ਮਾਹਰਾਂ ਦੀ ਨਿਗਰਾਨੀ ਹੇਠ ਰੂਪਨਗਰ ਦੇ ਸੀਮਨ ਬੈਂਕ ਵਿਖੇ ਰੱਖਿਆ ਗਿਆ ਹੈ।ਜਿੰਨਾਂ ਵਿਚੋਂ ਦੋ ਨੂੰ ਰੌਣੀ ਫਾਰਮ ਪਟਿਆਲਾ ਵਿਖੇ ਭੇਜਿਆ ਜਾਵੇਗਾ। ਉਨਾਂ ਅੱਗੇ ਕਿਹਾ ਕਿ ਜਦੋਂ ਇਨਾਂ ਨਵੇਂ ਬਲਦਾਂ ਤੋਂ ਸੀਮਨ ਉਤਪਾਦਨ ਸੁਰੂ ਹੋ ਜਾਵੇਗਾ ਤਾਂ ਸੀਮਨ ਬੈਂਕ ਜ਼ਰੀਏ ਸਾਰੇ ਪਸੂ ਹਸਪਤਾਲਾਂ ਅਤੇ ਜ਼ਿਲਿਆਂ ਦੀਆਂ ਡਿਸਪੈਂਸਰੀਆਂ ਨੂੰ ਸੀਮਨ ਸਟਰਾਅ ਵੰਡੀਆਂ ਜਾਣਗੀਆਂ ਜੋ ਵਿਭਾਗ ਦੇ ਗਰਭਧਾਨ ਪ੍ਰੋਗਰਾਮ ਲਈ ਵਰਤੀਆਂ ਜਾਣਗੀਆਂ। —————