ਚੰਡੀਗੜ੍ਹ 23 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਮੰਗਲਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਪੰਜਾਬ ਨਾਲ ਲੱਗਦੇ ਮੁਹਾਲੀ ਤੇ ਚੰਡੀਗੜ੍ਹ ਖੇਤਰ ਵਿੱਚ ਇੱਕ ਧਮਾਕੇ ਦੀ ਉੱਚੀ ਆਵਾਜ਼ ਸੁਣਾਈ ਦਿੱਤੀ। ਧਮਾਕਾ ਇੰਨੀ ਤੇਜ਼ ਸੀ ਕਿ ਬਹੁਤ ਸਾਰੇ ਘਰਾਂ ਦੇ ਸ਼ੀਸ਼ੇ ਤੇ ਦਰਵਾਜ਼ੇ ਹਿੱਲ ਗਏ। ਇਸ ਨਾਲ ਲੋਕ ਘਬਰਾ ਗਏ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਲੋਕਾਂ ਨੂੰ ਲੱਗਿਆ ਕਿ ਭੁਚਾਲ ਆਇਆ ਹੈ।
ਸਭ ਦਾ ਸਵਾਲ ਸੀ ਇਹ ਧਮਾਕਾ ਕਿਸ ਦਾ ਸੀ? ਕਾਫ਼ੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਵੈਸਟਰਨ ਏਅਰ ਕਮਾਂਡ ਖੇਤਰ ਵਿੱਚ ਲੜਾਕੂ ਜਹਾਜ਼ ਅਭਿਆਸ ਕਰ ਰਹੇ ਸੀ। ਇਨ੍ਹਾਂ ਵਿੱਚੋਂ ਕੁਝ ਲੜਾਕੂ ਜਹਾਜ਼ਾਂ ਨੇ ਸੁਪਰਸੋਨਿਕ ਗਤੀ ‘ਤੇ ਉਡਾਣ ਭਰੀ, ਜਿਸ ਨਾਲ ਇੱਕ ਧਮਾਕਾ ਹੋਇਆ। ਇਹ ਜਹਾਜ਼ ਅੰਬਾਲਾ ਤੇ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਉਡਾਏ ਗਏ ਸੀ। ਇਸ ਆਵਾਜ਼ ਨੂੰ ਸੋਨਿਕ ਬੂਮ ਕਿਹਾ ਜਾਂਦਾ ਹੈ।
ਸੋਨਿਕ ਬੂਮ ਵੱਡੀ ਮਾਤਰਾ ਵਿੱਚ ਧਵਨੀ ਊਰਜਾ ਪੈਦਾ ਕਰਦਾ ਹੈ। ਦਰਅਸਲ, ਹਵਾਈ ਜਹਾਜ਼ ਆਵਾਜ਼ ਨਾਲੋਂ ਤੇਜ਼ ਚੱਲਦੇ ਹਨ। ਇਸ ਨੂੰ ਸੁਪਰਸੋਨਿਕ ਸਪੀਡ ਕਿਹਾ ਜਾਂਦਾ ਹੈ। ਜਹਾਜ਼ ਹਵਾ ਵਿਚ ਚਲਦੇ ਹੋਏ ਆਵਾਜ਼ ਦੀਆਂ ਤਰੰਗਾਂ ਪੈਦਾ ਕਰਦੇ ਹਨ। ਜਹਾਜ਼ ਦੇ ਆਉਣ ਤੋਂ ਪਹਿਲਾਂ ਕੋਈ ਆਵਾਜ਼ ਨਹੀਂ ਸੁਣੀ ਜਾਂਦੀ, ਪਰ ਅਜਿਹੀ ਆਵਾਜ਼ ਹਵਾਈ ਜਹਾਜ਼ ਦੇ ਲੰਘਣ ਤੋਂ ਬਾਅਦ ਹੀ ਮਹਿਸੂਸ ਹੁੰਦੀ ਹੈ।
ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਤਕਰੀਬਨ ਸੱਤ ਤੇ ਅੱਠ ਵਜੇ ਤੋਂ ਤੇਜ਼ ਹਵਾ ਨਾਲ ਧਮਾਕੇ ਦੀ ਆਵਾਜ਼ ਆਈ। ਆਵਾਜ਼ ਸੁਣਦਿਆਂ ਹੀ ਲੋਕ ਦੰਗ ਰਹਿ ਗਏ। ਜਦੋਂ ਉਹ ਬਾਹਰ ਆਏ ਤਾਂ ਵੇਖਿਆ ਕਿ ਆਲੇ ਦੁਆਲੇ ਦੇ ਲੋਕ ਵੀ ਘਬਰਾਹਟ ਵਿੱਚ ਸੀ। ਧਮਾਕੇ ਦੀ ਆਵਾਜ਼ ਫੇਜ਼ ਸੱਤ, ਪੰਜ, ਨਿਊ ਸੰਨੀ ਐਨਕਲੇਵ, ਬੜਮਾਜਰਾ, ਗ੍ਰੀਨ ਐਨਕਲੇਵ ਤੇ ਮੁਹਾਲੀ ਦੇ ਸੈਕਟਰ 40, 20, 42, 41, 45 ਦੇ ਲੋਕਾਂ ਨੇ ਸੁਣਾਈ।