ਚੰਡੀਗੜ੍ਹ 23 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਪੰਜਾਬ ਦੇ ਲਈ ਇੱਕ ਚੰਗੀ ਖ਼ਬਰ ਹੈ। 20 ਰਾਜਾਂ ਦੀਆਂ ਨਿਵੇਸ਼ ਪ੍ਰੋਤਸਾਹਨ ਏਜੰਸੀਆਂ (IPA) ਤੋਂ 100 ਪ੍ਰਤੀਸ਼ਤ ਅੰਕ ਲੈ ਕੇ ਪੰਜਾਬ ਰੈਂਕਿੰਗ ਵਿੱਚ ਸਭ ਤੋਂ ਅੱਗੇ ਰਿਹਾ ਹੈ। ਕੋਰੋਨਾ ਸੰਕਟ ਦੌਰਾਨ ਪੰਜਾਬ ਦੀ ਆਰਥਿਕ ਸਥਿਤੀ ਨੂੰ ਨੁਕਸਾਨ ਪਹੁੰਚਿਆ ਪਰ ਸੂਬੇ ‘ਚ 5274 ਕਰੋੜ ਰੁਪਏ ਦਾ ਨਿਵੇਸ਼ ਵੀ ਹੋਇਆ ਜਿਸ ਨਾਲ ਨਵੀਂ ਉਮੀਦ ਜਾਗੀ ਹੈ।
ਸੂਬੇ ‘ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਵਿੱਚ ਮੈਸ. ਏਅਰ ਲਿਕਵਿਡ (ਹੈਡਕੁਆਰਟਰ ਫਰਾਂਸ; ਉਦਯੋਗਿਕ ਗੈਸਿਜ਼, ਰਾਜਪੁਰਾ), ਮੈਸ. ਸੈਂਟਰੀਐਂਟ ਫਾਰਮਾਸਿਊਟੀਕਲ ਲਿਮਟਿਡ (ਹੈਡਕੁਆਟਰ ਯੂਐਸਏ, ਐਸਬੀਐਸ ਨਗਰ) ਵੀ ਸ਼ਾਮਲ ਹੈ। ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ ਨੇ ਕਿਹਾ ਕਿ ਇਹ ਪ੍ਰਾਪਤੀ ਵਿਸ਼ਵ ਬੈਂਕ ਸਮੂਹ ਦੇ ਸਹਿਯੋਗ ਨਾਲ ਉਦਯੋਗ ਤੇ ਅੰਦਰੂਨੀ ਵਪਾਰ ਵਿਭਾਗ (DPIIT) ਦੇ ਨਿਰਦੇਸ਼ਾਂ ਤਹਿਤ ਇਨਵੈਸਟ ਇੰਡੀਆ ਰਾਹੀਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਇੱਕ ਸਟੇਟ IPA ਰੇਟਿੰਗ ਰਿਪੋਰਟ ਵਿੱਚ ਪ੍ਰਾਪਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਨਵੈਸਟ ਪੰਜਾਬ ਨੇ ਪਿਛਲੇ ਚਾਰ ਸਾਲਾਂ ਵਿੱਚ ਨਿਵੇਸ਼ ਦੇ ਖੇਤਰ ਵਿੱਚ ਇੱਕ ਵੱਡਾ ਰਿਕਾਰਡ ਕਾਇਮ ਕੀਤਾ ਗਿਆ ਹੈ। ਅਮਰੀਕਾ, ਜਾਪਾਨ, ਦੱਖਣੀ ਕੋਰੀਆ, ਫਰਾਂਸ, ਜਰਮਨੀ, ਯੂਕੇ, ਯੂਏਈ, ਨਿਊਜ਼ੀਲੈਂਡ, ਸਪੇਨ ਵਰਗੇ ਦੇਸ਼ਾਂ ਤੋਂ ਨਿਵੇਸ਼ਾਂ ਦਾ ਵਿਸਥਾਰ ਹੋਇਆ ਹੈ। ਇਸ ਦੇ ਨਾਲ ਹੀ, ਪੰਜਾਬ ਅਧਾਰਤ ਉਦਯੋਗਾਂ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਦਾ ਫੈਸਲਾ ਵੀ ਕੀਤਾ ਹੈ।