ਚੰਡੀਗੜ੍ਹ :18 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਇੱਕ ਸਮਾਂ ਆਇਆ ਸੀ ਜਦੋਂ ਜੀਓ ਸਿੰਮ ਲੈਣ ਲਈ ਲੋਕ ਦਿਨ ਚੜ੍ਹਨ ਤੋਂ ਵੀ ਪਹਿਲਾਂ ਹੀ ਕਤਾਰਾਂ ‘ਚ ਲੱਗੇ ਦਿਖਾਈ ਦਿੰਦੇ ਸਨ। ਮੁਫ਼ਤ ਇੰਟਰਨੈੱਟ ਦਾ ਲਾਲਚ ਦੇਕੇ ਲੋਕਾਂ ਨੂੰ ਜੀਓ ਨੇ ਆਪਣੇ ਕਲਾਵੇ ‘ਚ ਲੈ ਲਿਆ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਰ ਘਰ ‘ਚ ਕਰੀਬ ਜੀਓ ਦਾ ਕੁਨੈਕਸ਼ਨ ਸੀ। ਮੁਫ਼ਤ ਆਫ਼ਰ ਦੇ ਚੱਕਰ ‘ਚ ਪੰਜਾਬੀਆਂ ਨੇ ਜੀਓ ਨੂੰ ਹੱਥਾਂ ‘ਤੇ ਚੁੱਕ ਲਿਆ ਤੇ ਰਿਲਾਇੰਸ ਜੀਓ ਦੇ ਹੋ ਗਏ ਵਾਰੇ ਨਿਆਰੇ। ਹੁਣ ਇਨ੍ਹਾਂ ਪੰਜਾਬੀਆਂ ਨੇ ਹੀ ਜੀਓ ਨੂੰ ਦਰਕਿਨਾਰ ਕਰ ਸੁੱਟਿਆ ਹੈ ਜਿਸ ਦਾ ਸੇਕ ਵੀ ਕੰਪਨੀ ਦੇ ਬਾਸ਼ਿੰਦਿਆਂ ਤਕ ਬਾਖੂਬੀ ਪਹੁੰਚਿਆ ਹੈ।
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਡਟੇ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦੇ ਮਕਸਦ ਤਹਿਤ ਜੀਓ ਨੂੰ ਵੀ ਵਗਾਹ ਮਾਰਿਆ ਹੈ ਤੇ ਲੋਕ ਵੀ ਇਸ ਕਦਮ ‘ਚ ਪੂਰਾ ਸਾਥ ਦੇ ਰਹੇ ਹਨ। ਇਸੇ ਕਾਰਨ ਹੀ ਪੰਜਾਬ ਦੇ ਘਰਾਂ ‘ਚੋਂ ਹੁਣ ਜੀਓ ਦਾ ਨਿਕਾਲਾ ਸ਼ੁਰੂ ਹੋ ਗਿਆ ਹੈ। ਫਿਕਰ ‘ਚ ਆਕੇ ਰਿਲਾਇੰਸ ਜੀਓ ਨੇ ਟੈਲੀਕਾਮ ਅਥਾਰਿਟੀ ਕੋਲ ਸ਼ਿਕਾਇਤ ਵੀ ਦਰਜ ਕਰਾਈ ਹੈ। ਜੀਓ ਨੇ ਸਿੱਧਾ ਇਲਜ਼ਾਮ ਏਅਰਟੈਲ ਤੇ ਵੋਡਾਫੋਨ ਸਿਰ ਮੜ੍ਹਿਆ ਹੈ। ਹਾਲਾਂਕਿ ਕਿਸਾਨ ਅੰਦੋਲਨ ਤੋਂ ਉਹ ਵੀ ਭਲੀਭਾਂਤ ਜਾਣੂ ਹੈ ਤੇ ਵੋਡਾਫੋਨ ਏਅਰਟੈਲ ਨੇ ਜੀਓ ਦੇ ਇਲਜ਼ਾਮਾਂ ਨੂੰ ਵੀ ਖਾਰਜ ਕਰ ਦਿੱਤਾ ਹੈ।
ਟੈਲੀਕਾਮ ਅਥਾਰਿਟੀ ਦੇ ਤੱਥਾਂ ਅਨੁਸਾਰ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ਦੀ ਦਰ ਵੀ ਘਟਣ ਲੱਗੀ ਹੈ। ਪੰਜਾਬ ’ਚ ਚਾਲੂ ਵਰ੍ਹੇ ਦੇ ਸਤੰਬਰ ਮਹੀਨੇ ’ਚ ਜੀਓ ਦੇ ਡੈੱਡ ਕੁਨੈਕਸ਼ਨਾਂ ਦੀ ਦਰ 33.44 ਫ਼ੀਸਦੀ ਹੋ ਗਈ ਹੈ, ਜੋ ਜਨਵਰੀ 2019 ਵਿੱਚ 20.16 ਫ਼ੀਸਦੀ ਸੀ। ਰਿਲਾਇੰਸ ਜੀਓ ਦੇ ਪੰਜਾਬ ਵਿਚਲੇ 1.39 ਕਰੋੜ ਕੁਨੈਕਸ਼ਨਾਂ ਵਿੱਚੋਂ ਸਿਰਫ਼ 66.56 ਫ਼ੀਸਦੀ ਕੁਨੈਕਸ਼ਨ ਹੀ ਵਰਤੋਂ ਵਿੱਚ ਹਨ ਜਦਕਿ ਦੇਸ਼ ਭਰ ਵਿੱਚ ਜੀਓ ਦੇ 78.76 ਫ਼ੀਸਦੀ ਕੁਨੈਕਸ਼ਨ ਐਕਟਿਵ ਹਨ। ਪੰਜਾਬ ਵਿੱਚ ਏਅਰਟੈੱਲ ਕੰਪਨੀ ਦੇ 97.78 ਫ਼ੀਸਦੀ, ਆਈਡੀਆ ਦੇ 88.93 ਫ਼ੀਸਦੀ ਅਤੇ ਬੀਐੱਸਐੱਨਐੱਲ ਦੇ 39.24 ਫ਼ੀਸਦੀ ਕੁਨੈਕਸ਼ਨ ਐਕਟਿਵ ਹਨ।
ਕਿਸਾਨ ਅੰਦੋਲਨ ਦੌਰਾਨ ਜਿੱਥੇ ਟੋਲ ਪਲਾਜ਼ਿਆਂ, ਰਿਲਾਇੰਸ ਪੰਪਾਂ ਨੂੰ ਘਾਟੇ ਦੇ ਦੌਰ ਚੋਂ ਲੰਘਣਾ ਪਿਆ ਉੱਥੇ ਹੀ ਪੰਜਾਬ ਵਿੱਚ ਸਤੰਬਰ ਮਹੀਨੇ ਵਿਚ ਹੀ ਸਿਮ ਇੱਕ ਕੰਪਨੀ ਤੋਂ ਦੂਸਰੀ ਕੰਪਨੀ ਵਿੱਚ ਤਬਦੀਲ ਕਰਾਉਣ ਲਈ 10 ਹਜ਼ਾਰ ਅਰਜ਼ੀਆਂ ਕੰਪਨੀਆਂ ਕੋਲ ਪੁੱਜੀਆਂ ਹਨ, ਜਿਸ ’ਚ ਜੀਓ ਵੀ ਸ਼ਾਮਲ ਹੈ। ਬੇਸ਼ੱਕ ਰਿਲਾਇੰਸ ਜੀਓ ਨੇ ਆਪਣਾ ਜਾਲ ਵਿਛਾਉਣ ਲਈ ਪਹਿਲਾਂ ਮੁਫ਼ਤ ਦਾ ਲਾਲਚ ਦਿੱਤਾ ਪਰ ਉਹ ਸ਼ਾਇਦ ਇਹ ਭੁੱਲ ਬੈਠੇ ਕਿ ਲੋੜ ਪੈਣ ‘ਤੇ ਪੰਜਾਬੀ ਆਪਾ ਵੀ ਕੁਰਬਾਨ ਕਰ ਜਾਂਦੇ ਨੇ ਇਹ ਤਾਂ ਫਿਰ ਵੀ ਕਾਰਪੋਰੇਟ ਜਗਤ ਦੇ ਮੋਬਾਇਲ ਕੁਨੈਕਸ਼ਨ ਹਨ।