ਬੁਢਲਾਡਾ 16 ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਜ਼ਮੀਨ ਵਿੱਚ ਜਾਣ ਤੋਂ ਰੋਕਣ ਲਈ ਆਈ ਪੁਲਿਸ ਦੀ ਹਾਜ਼ਰੀ ਵਿੱਚ ਜ਼ਹਿਰੀਲੀ ਚੀਜ਼ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਘਟਨਾ ਦੇ ਮੁੱਖ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪਿੰਡ ਆਲਮਪੁਰ ਬੋਦਲਾ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਸਦਰ ਥਾਣੇ ਦੇ ਬਾਹਰ ਧਰਨਾ ਦੇ ਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਤੇ ਬੋਲਦਿਆਂ ਸਭਾ ਦੇ ਸੁਬਾਈ ਆਗੂ ਉੱਧਮ ਸਿੰਘ ਸੰਤੋਖਪੁਰਾ ਨੇ ਕਿਹਾ ਕਿ ਪਿੰਡ ਆਲਮਪੁਰ ਬੋਦਲਾ ਦੇ ਕਿਸਾਨ ਬੋਘਾ ਸਿੰਘ ਦੀ ਸਵਾ ਦੋ ਕਿੱਲੇ ਜ਼ਮੀਨ ਦੇ ਖਰੀਦੋ ਫਰੋਕਤ ਦੇ ਮਾਮਲੇ ਵਿੱਚ ਇਕ ਧਿਰ ਦੀ ਪੁਲਿਸ ਸਿੱਧੇ ਤੋਰ ਦੇ ਮਦਦ ਕਰ ਰਹੀ ਹੈ ਅਤੇ ਉਪਰੋਕਤ ਵਿਅਕਤੀ ਪੁਲਿਸ ਨਾਲ ਮਿਲੀਭੁਗਤ ਕਰਕੇ ਬੋਘਾ ਸਿੰਘ ਦੀ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੇ ਪੁਲਿਸ ਦੀ ਕਾਰਵਾਈ ਤੋਂ ਨਿਰਾਸ਼ ਅਤੇ ਖੇਤ ਵਿੱਚ ਜਾਣ ਤੋ ਰੋਕਣ ਤੋ ਮਾਯੂਸ ਹੋ ਕੇ ਆਪਣੇ ਹੀ ਖੇਤ ਦੇ ਨਜ਼ਦੀਕ ਪੁਲਿਸ ਦੇ ਸਾਹਮਣੇ ਜ਼ਹਿਰੀਲੀ ਚੀਜ਼ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਸਭਾਂ ਦੇ ਸੀਨੀਅਰ ਆਗੂ ਛੱਜੂ ਰਾਮ ਰਿਸ਼ੀ ਨੇ ਕਿਹਾ ਕਿ ਪੁਲਿਸ ਬੋਘਾ ਸਿੰਘ ਨੂੰ ਇਨਸਾਫ ਦੇਣ ਦੀ ਬਜਾਏ ਨਜ਼ਾਇਜ਼ ਤੋਰ ਦੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਜਮਹੂਰੀ ਕਿਸਾਨ ਸਭਾ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਵੇਗੀ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪੀੜਤ ਕਿਸਾਨ ਨੂੰ ਤੰਗ ਪ੍ਰੇਸ਼ਾਨ ਅਤੇ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਸਿੱਧੇ ਤੋਰ ਤੇ ਸਦਰ ਥਾਣੇ ਦੇ ਐਸ ਐਚ ਓ ਤੇ ਵੀ ਪੱਖਪਾਤ ਕਰਨ ਦੇ ਦੋਸ਼ ਲਗਾਏ ਗਏ। ਇਸ ਮੌਕੇ ਤੇ ਮਾਸਟਰ ਸਰਬਜੀਤ ਸਿੰਘ ਵੜੈਚ, ਬਲਦੇਵ ਬਾਜ, ਮੱਖਣ ਸਿੰਘ ਭੱਠਾ ਮਜਦੂਰ ਯੂਨੀਅਨ, ਲਛਮਣ ਸਿੰਘ ਜਖੇਪਲ, ਰਣਜੀਤ ਕੋਰ ਲੇਹਲ ਖੁਰਦ, ਭਾਰਤੀ ਕਿਸਾਨ ਯੂਨੀਅਨ ਦੇ ਮੇਜਰ ਸਿੰਘ, ਬੀਰਬਲ ਸਿੰਘ ਲਹਿਲਕਲਾ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਦੂਸਰੇ ਪਾਸੇ ਐਸ ਐਚ ਓ ਸਦਰ ਜ਼ਸਪਾਲ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਪੁਲਿਸ ਦੇ ਖਿਲਾਫ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਪੁਲਿਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਝਗੜੇ ਸੰਬੰਧੀ ਮਾਮਲਾ ਅਦਾਲਤ ਵਿੱਚ ਵੀ ਵਿਚਾਰ ਅਧੀਨ ਹੈ।