ਚੰਡੀਗੜ੍ਹ 15,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫੇਰ ਕਿਸਾਨ ਨੇਤਾਵਾਂ ਦੇ ਨਿਸ਼ਾਨਾ ਸਾਧਿਆ ਹੈ। ਬਿੱਟੂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਅੰਦੋਲਨ ‘ਤੇ ਕੁਝ ਗਲ਼ਤ ਤਾਕਤਾਂ ਨੇ ਕਬਜ਼ਾ ਕਰ ਲਿਆ ਹੈ। ਉਹ ਲੋਕ ਆਪਣਾ ਏਜੰਡਾ ਪੂਰਾ ਕਰ ਰਹੇ ਹਨ। ਉਹ ਲੋਕ ਕਿਸਾਨਾਂ ਦੇ ਸੰਘਰਸ਼ ਨੂੰ ਗਲਤ ਦਿਸ਼ਾ ਦੇਣਗੇ, ਜਿਸ ਨਾਲ ਨੁਕਸਾਨ ਹੋਏਗਾ।
ਹਿੰਦੀ ਅਖਬਾਰ ‘ਜਾਗਰਣ’ ‘ਚ ਛਪੀ ਇੰਟਰਵਿਊ ‘ਚ ਬਿੱਟੂ ਨੇ ਕਿਹਾ, “ਅੰਦੋਲਨ ‘ਚ ਬਦਮਾਸ਼ ਤੱਤ ਸਾਹਮਣੇ ਆਏ ਹਨ ਤੇ ਕਿਸਾਨ ਪਿੱਛੇ ਰਹਿ ਗਏ ਹਨ। ਸਟੇਜ ਤੋਂ ਗਾਲਾਂ ਕੱਢ ਤੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਗਾਣੇ ਗਾਏ ਜਾ ਰਹੇ ਹਨ। ਕਿਸਾਨ ਆਪਣੀ ਸਮੱਸਿਆ ਦੇ ਹੱਲ ਲਈ ਇੱਥੇ ਆਏ ਹਨ, ਜਦੋਂ ਕਿ ਗੁੰਡਾ ਅਨਸਰ ਇਸ ਨੂੰ ਵਿਗਾੜ ਰਹੇ ਹਨ ਪਰ ਹੁਣ ਤਾਂ ਅਜਿਹੇ ਲੋਕ ਖਾਲਿਸਤਾਨ ਦੇ ਨਾਅਰੇ ਵੀ ਲਾ ਰਹੇ ਹਨ। ਇਹ ਕਿਸਾਨ ਕਦੇ ਨਹੀਂ ਹੋ ਸਕਦੇ।”
ਉਨ੍ਹਾਂ ਕਿਹਾ, “ਐਸੇ ਲੋਕਾਂ ਨੂੰ ਤੁਰੰਤ ਪਛਾਣ ਕੇ ਕਿਸਾਨ ਅੰਦੋਲਨ ‘ਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਜਦੋਂ ਤੱਕ ਕਿਸਾਨ ਅੰਦੋਲਨ ਦੀ ਲਹਿਰ ਪੰਜਾਬ ਅੰਦਰ ਸੀ ਤਾਂ ਉਦੋਂ ਅਜਿਹੀ ਕੋਈ ਗੱਲ ਨਹੀਂ ਸੀ। ਹਰਿਆਣਾ ਬਾਰਡਰ ਤੇ ਪਹੁੰਚਦੇ ਹੀ ਕਿਸਾਨਾਂ ਵਿਚਾਲੇ ਸ਼ਰਾਰਤੀ ਅਨਸਰ ਪਹੁੰਚ ਗਏ। ਸਾਂਸਦ ਨੇ ਕਿਹਾ ਕਿ ਐਸੇ ਅਨਸਰ ਜੋ ਕੁਝ ਇੱਥੇ ਕਰ ਰਹੇ ਹਨ, ਉਹ ਪੰਜਾਬ ‘ਚ ਨਹੀਂ ਹੋਣ ਦੇਣਗੇ।”
ਇਸ ਤੋਂ ਪਹਿਲਾਂ ਵੀ ਬਿੱਟੂ ਕਿਸਾਨ ਅੰਦੋਲਨ ‘ਚ ਸ਼ਾਮਲ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਵਾਲ ਚੁੱਕਦੇ ਰਹੇ ਹਨ। ਬਿੱਟੂ ਨੇ ਕਿਸਾਨ ਅੰਦੋਲਨ ‘ਚ ਅੱਤਵਾਦੀਆਂ ਦੇ ਸ਼ਾਮਿਲ ਹੋਣ ਦਾ ਖਦਸ਼ਾ ਵੀ ਜਤਾਇਆ ਸੀ ਤੇ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅੰਦੋਲਨ ਖਤਮ ਕਰਵਾਉਣ ਦੀ ਮੰਗ ਕੀਤੀ ਸੀ।