ਨਵੀਂ ਦਿੱਲੀ 13,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਕਿਸਾਨ ਅੰਦੋਲਨ ਦੇ ਵਿਚਾਲੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਰਕਾਰ ਕਿਸਾਨਾਂ ਦਾ ਡਾਟਾ ਬੈਂਕ ਜਲਦ ਤਿਆਰ ਕਰੇਗੀ। ਇਸ ਨਾਲ ਮਿੱਟੀ ਦੀ ਜਾਂਚ, ਹੜ੍ਹ ਦੀ ਚੇਤਾਵਨੀ, ਸੈਟੇਲਾਈਟ ਦੀਆਂ ਤਸਵੀਰਾਂ ਤੇ ਜ਼ਮੀਨ ਦੇ ਮਾਲੀਆ ਰਿਕਾਰਡ ਦੀ ਜਾਣਕਾਰੀ ਘਰ ਬੈਠੇ ਮਿਲੇਗੀ। ਤੋਮਰ ਇਲੈਟਸ ਟੈਕਟੋਮੀਡੀਆ ਦੀ ਤਿੰਨ ਰੋਜ਼ਾ ਨੌਲੇਜ ਐਕਸਚੇਂਜ ਸਮਿੱਟ ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕਰਨ ਪਹੁੰਚੇ ਸਨ।
ਖੇਤੀ ਮੰਤਰੀ ਨੇ ਦਾਅਵਾ ਕੀਤਾ ਕਿ ਆਤਮ ਨਿਰਭਰ ਭਾਰਤ ਮੁਹਿੰਮ ਅਧੀਨ ਇੱਕ ਲੱਖ ਕਰੋੜ ਰੁਪਏ ਦੇ ਖੇਤੀ ਬੁਨਿਆਦੀ ਢਾਂਚਾ ਫ਼ੰਡ ਦੀ ਇਤਿਹਾਸਕ ਸ਼ੁਰੂਆਤ ਹੋ ਚੁੱਕੀ ਹੈ। ਇਸ ਦਾ ਇਸਤੇਮਾਲ ਪਿੰਡਾਂ ‘ਚ ਖੇਤੀਬਾੜੀ ਬਣਤਰ ਤਿਆਰ ਕਰਨ ‘ਚ ਕੀਤਾ ਜਾਵੇਗਾ। ਇਸ ਫੰਡ ਤੋਂ ਕੋਲਡ ਸਟੋਰੇਜ਼, ਵੇਅਰ ਹਾਊਸ, ਸਾਇਲੋ, ਗ੍ਰੇਡਿੰਗ ਤੇ ਪੈਕਜਿੰਗ ਯੂਨਿਟਸ ਲਾਉਣ ਲਈ ਲੋਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕਿਸਾਨਾਂ ਦੀ ਮਾਲੀ ਹਾਲਤ ਸੁਧਰੇ, ਖੇਤੀ ਖੇਤਰ ਫਾਇਦੇ ਵਿੱਚ ਆਉਣ ਤੇ ਨਵੀਂ ਪੀੜ੍ਹੀ ਖੇਤੀ ਵਲ ਆਕਰਸ਼ਿਤ ਹੋਵੇ। ਉਨ੍ਹਾਂ ਕਿਹਾ ਕਿ ਪਿੰਡ ਤੇ ਖੇਤੀ ਖੇਤਰ ਵਰ੍ਹਿਆਂ ਤੋਂ ਦੇਸ਼ ਦੀ ਤਾਕਤ ਰਹੇ ਹਨ, ਜਿਨ੍ਹਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਸਰਕਾਰ ਪੂਰੀ ਤਰ੍ਹਾਂ ਧਿਆਨ ਦੇ ਰਹੀ ਹੈ। ਤੋਮਰ ਨੇ ਕਿਹਾ ਕਿ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨਾਲ ਹੀ ਨੌਜਵਾਨਾਂ ਨੂੰ ਖੇਤੀ ਵੱਲ ਲਿਆਉਣ ਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ