ਚੰਡੀਗੜ੍ਹ, 12 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਪੁਲੀਸ ਨੇ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਅਤੇ 4 ਕਿੱਲੋ ਹੈਰੋਇਨ ਦੀ ਬਰਾਮਦਗੀ ਨਾਲ ਗੈਂਗਸਟਰਾਂ ਅਤੇ ਅੱਤਵਾਦੀਆਂ ਨਾਲ ਸਬੰਧਤ ਅਤੇ ਅੰਤਰਾਸ਼ਟਰੀ ਸੰਪਰਕ ਵਾਲੇ ਇੱਕ ਵੱਡੇ ਡਰੱਗ ਮਾਫੀਆ ਦਾ ਪਰਦਾਫਾਸ਼ ਕੀਤਾ ਹੈ।
ਮੁੱਢਲੀ ਜਾਂਚ ਵਿੱਚ ਦੋਸ਼ੀਆਂ ਜਿਨ੍ਹਾਂ ਦੀ ਸਨਾਖ਼ਤ, ਜਸਵਿੰਦਰ ਸਿੰਘ ਉਰਫ ਜੱਸ ਅਤੇ ਰਮੇਸ਼ ਕੁਮਾਰ ਉਰਫ ਕੇਸਾ, ਦੋਵੇਂ ਵਾਸੀ ਜਲੰਧਰ ਦਿਹਾਤੀ ਵਜੋਂ ਹੋਈ ਹੈ, ਦੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੁਝ ਗੈਂਗਸਟਰਾਂ ਅਤੇ ਦੁਬਈ ਦੇ ਇੱਕ ਤਸਕਰ ਨਾਲ ਮਜ਼ਬੂਤ ਗਠਜੋੜ ਦਾ ਪਰਦਾਫਾਸ਼ ਹੋਇਆ ਹੈ।
ਡੀਜੀਪੀ ਦਿਨਕਰ ਗੁਪਤਾ ਅਨੁਸਾਰ ਹੁਣ ਤੱਕ ਦੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਕਸ਼ਮੀਰ ਤੋਂ ਪੰਜਾਬ ਵਿੱਚ ਸਮਗਲ ਕੀਤੇ ਗਏ ਨਸ਼ਿਆਂ ਦੀ ਵਿਕਰੀ ਤੋਂ ਪ੍ਰਾਪਤ ਪੈਸੇ ਦੀ ਵਰਤੋਂ ਸੰਭਾਵਿਤ ਤੌਰ `ਤੇ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਵਾਸਤੇ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਪੂਰੀ ਅੰਤਰਰਾਸ਼ਟਰੀ ਸਾਜਿਸ਼ ਅਤੇ ਨੈਟਵਰਕ ਦੇ ਅੱਗੇ ਪਿੱਛੇ ਦੇ ਸਾਰੇ ਸਬੰਧਾਂ ਤੋਂ ਪਰਦਾ ਹਟਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਦੋਸ਼ੀਆਂ ਪਾਸੋਂ ਹੈਰੋਇਨ ਤੋਂ ਇਲਾਵਾ ਦੋ ਦੇਸੀ .32 ਬੋਰ ਪਿਸਤੌਲ ਸਮੇਤ 10 ਅਣਚੱਲੇ ਕਾਰਤੂਸ ਅਤੇ ਜੇ.ਕੇ.-012-ਈ -2277 ਨੰਬਰ ਵਾਲੀ ਇਕ ਕਾਰ, ਜਿਸਦੀ ਵਰਤੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੇ ਇਸ਼ਾਰੇ `ਤੇ ਸ੍ਰੀਨਗਰ ਤੋਂ ਨਸ਼ਿਆਂ ਦੀ ਤਸਕਰੀ ਲਈ ਕੀਤੀ ਜਾਂਦੀ ਸੀ, ਵੀ ਬਰਾਮਦ ਕੀਤੀ ਗਈ ਹੈ। ਡਰੱਗ ਮਾਫੀਆ ਦੇ ਤਾਰ ਦੁਬਈ ਦੇ ਇਕ ਵਿਅਕਤੀ ਨਾਲ ਜੁੜੇ ਹਨ, ਜੋ ਨਸ਼ਾ ਤਸਕਰਾਂ ਅਤੇ ਪੰਜਾਬ ਵਿਚਲੇ ਨਸ਼ਾ ਤਸਕਰਾਂ ਨੂੰ ਨਸ਼ਿਆਂ ਦੀ ਸਪਲਾਈ ਲਈ ਕਥਿਤ ਤੌਰ `ਤੇ ਕਸ਼ਮੀਰ ਵਿਚਲੇ ਨਸ਼ਾ ਤਸਕਰਾਂ ਨਾਲ ਰਾਬਤਾ ਕਰਨ ਵਿੱਚ ਸ਼ਾਮਲ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਖੁਲਾਸਾ ਕੀਤਾ ਕਿ ਜਲੰਧਰ (ਦਿਹਾਤੀ) ਪੁਲਿਸ ਨੂੰ ਜਸਵਿੰਦਰ ਸਿੰਘ, ਰਮੇਸ਼ ਕੁਮਾਰ ਅਤੇ ਗੁਰਸੇਵਕ ਸਿੰਘ ਸਬੰਧੀ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਪਲਵਿੰਦਰ ਸਿੰਘ ਉਰਫ਼ ਪਿੰਦਾ ਦੇ ਇਸ਼ਾਰੇ `ਤੇ ਡਰੱਗ ਨੈੱਟਵਰਕ ਚਲਾਉਣ ਦੀ ਸੂਹ ਮਿਲੀ ਸੀ।
ਪ੍ਰਾਪਤ ਜਾਣਕਾਰੀ ਦੇ ਅਧਾਰ `ਤੇ ਪੁਲਿਸ ਵੱਲੋਂ ਐਸ.ਐਸ.ਪੀ., ਜਲੰਧਰ ਸੰਦੀਪ ਗਰਗ ਦੀ ਸਿੱਧੀ ਨਿਗਰਾਨੀ ਹੇਠ ਛਾਪੇ ਮਾਰੇ ਗਏ ਜਿਸਦੇ ਚਲਦੇ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪਿੰਡ ਲੋਹੀਆਂ ਵਿਖੇ ਜਸਵਿੰਦਰ ਸਿੰਘ ਦੇ ਘਰ ਤੋਂ ਰਮੇਸ਼ ਕੁਮਾਰ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦਾ ਸਾਥੀ, ਗੁਰਸੇਵਕ ਸਿੰਘ ਵਾਸੀ ਪਟਿਆਲਾ ਅਜੇ ਫਰਾਰ ਹੈ ਅਤੇ ਉਸ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਕੀਤੀ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਦੀ ਯੋਜਨਾ ਪਲਵਿੰਦਰ ਸਿੰਘ ਦੀ ਤਰਫੋਂ ਜੰਮੂ ਕਸ਼ਮੀਰ ਦੀ ਗੱਡੀ (ਮੌਜੂਦਾ ਕੇਸ ਵਿੱਚ, ਰਜਿਸਟ੍ਰੇਸ਼ਨ ਨੰ. ਜੇ.ਕੇ.-012-ਈ-2277) ਵਿੱਚ ਸ੍ਰੀਨਗਰ ਤੋਂ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਕਰਨ ਦੀ ਸੀ।ਅਜਿਹਾ ਜਾਪਦਾ ਹੈ ਕਿ ਸਰਹੱਦ ਪਾਰੋਂ ਭਾਰਤ ਵਿਚ ਨਸ਼ਿਆਂ ਦੀ ਤਸਕਰੀ ਕੀਤੀ ਜਾਂਦੀ ਸੀ ਅਤੇ ਫਿਰ ਇਹ ਨਸ਼ੇ ਮਾਰਕੀਟ ਵਿਚ ਵੇਚੇ ਜਾਂਦੇ ਸਨ ਜਿਸਦਾ ਪੈਸਾ ਗੈਂਗਸਟਰਾਂ ਅਤੇ ਅੱਤਵਾਦੀ ਗਤੀਵਿਧੀਆਂ ਵਾਸਤੇ ਫੰਡਿੰਗ ਲਈ ਜਾਂਦਾ ਸੀ।
ਦੋਸ਼ੀਆਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 21 ਸੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰ. 246, ਮਿਤੀ 11.12.2020, ਪੁਲੀਸ ਥਾਣਾ ਲੋਹੀਆਂ, ਜ਼ਿਲ੍ਹਾ ਜਲੰਧਰ (ਦਿਹਾਤੀ) ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
————