ਕਿਸਾਨ ਅੰਦੋਲਨ ਦੀ ਕਿਸਾਨਾਂ ਨੂੰ ਹੀ ਮਾਰ, ਸਬਜ਼ੀਆਂ ਦੇ ਰੇਟਾਂ ‘ਚ ਵੱਡੀ ਗਿਰਾਵਟ

0
40

ਅੰਮ੍ਰਿਤਸਰ 3,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਅੰਦੋਲਨ ਦਾ ਅਸਰ ਵੱਖ-ਵੱਖ ਖਿੱਤਿਆਂ ‘ਤੇ ਪੈ ਰਿਹਾ ਹੈ, ਜਿਨ੍ਹਾਂ ‘ਚੋਂ ਸਭ ਤੋਂ ਵੱਧ ਪੰਜਾਬ ਦੀ ਸਬਜ਼ੀ ਨਾਲ ਜੁੜੇ ਵਪਾਰੀ ਤੇ ਖੁਦ ਕਿਸਾਨ ਪ੍ਰਭਾਵਤ ਹੋ ਰਹੇ ਹਨ। ਪੰਜਾਬ ਦੀਆਂ ਮੰਡੀਆਂ ‘ਚ ਤੈਅ ਸਮੇਂ ਮੁਤਾਬਕ ਸੀਜ਼ਨਲ ਸਬਜ਼ੀਆਂ ਦੀ ਆਮਦ ਜ਼ੋਰਾਂ ਨਾਲ ਸ਼ੁਰੂ ਤਾਂ ਹੋ ਗਈ ਹੈ ਪਰ ਇਸ ਦੀ ਖਪਤ ਪਿਛਲੇ ਸਾਲਾਂ ਨਾਲੋਂ ਅੱਧੀ ਤੋਂ ਵੀ ਘੱਟ ਗਈ ਹੈ, ਜਿਸ ਦਾ ਅਸਰ ਪੰਜਾਬ ‘ਚ ਸਬਜ਼ੀ ਦੇ ਰੇਟਾਂ ‘ਤੇ ਪਿਆ ਹੈ। ਸਬਜ਼ੀ ਦੇ ਰੇਟ ਕਾਫੀ ਘੱਟ ਗਏ ਹਨ।

ਅੰਮ੍ਰਿਤਸਰ ਦੀ ਵੱਲਾ ਮੰਡੀ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀਆਂ ਮੰਡੀਆਂ ‘ਚ ਆਉਣ ਵਾਲੀ ਤਾਜ਼ਾ ਸਬਜ਼ੀ ‘ਚੋਂ ਅੱਧੀ ਸਬਜ਼ੀ ਟਰਾਂਪੋਟੇਸ਼ਨ ਨਾਲ ਦਿੱਲੀ ਦੀ ਮੰਡੀਆਂ ‘ਚ ਜਾਂਦੀ ਹੈ, ਜਿੱਥੋ ਅੱਗੇ ਇਹ ਸਬਜ਼ੀ ਨੇੜਲੇ ਸੂਬਿਆਂ ਸਮੇਤ ਦਿੱਲੀ ‘ਚ ਵਰਤੋਂ ਲਈ ਭੇਜੀ ਜਾਂਦੀ ਹੈ। ਇਕੱਲੇ ਅੰਮ੍ਰਿਤਸਰ ਦੀ ਵੱਲਾ ਮੰਡੀ ‘ਚੋਂ ਹੀ 200 ਤੋਂ 250 ਗੱਡੀਆਂ ਸਬਜ਼ੀਆਂ ਦੀਆਂ ਦਿੱਲੀ ਭੇਜੀਆਂ ਜਾਂਦੀਆਂ ਹਨ ਪਰ ਇਸ ਵਾਰ ਸਬਜ਼ੀ ਨਾਲ ਮੰਡੀਆਂ ਤਾਂ ਰੋਜ਼ਾਨਾ ਨੱਕੋ ਨੱਕ ਭਰ ਜਾਂਦੀਆਂ ਹਨ, ਪਰ ਖਪਤ ਸਿਰਫ ਪੰਜਾਬ ‘ਚ ਹੀ ਹੁੰਦੀ ਹੈ। ਦਿੱਲੀ ਕਿਸਾਨੀ ਅੰਦੋਲਨ ਕਰਕੇ ਰਸਤੇ ਬੰਦ ਹਨ ਤੇ ਸਪਲਾਈ ਪੂਰੀ ਤਰਾਂ ਪ੍ਰਭਾਵਤ ਹੋ ਗਈ ਹੈ।

ਪੰਜਾਬ ‘ਚ ਉਗਣ ਵਾਲੀਆਂ ਸਬਜੀਆਂ ਦੇ ਰੇਟ ਬੇਹੱਦ ਘੱਟ ਗਏ ਹਨ, ਜਦਕਿ ਦਿੱਲੀ ਰਾਹੀਂ ਆਉਣ ਵਾਲੀਆਂ ਸਬਜੀਆਂ (ਸ਼ਿਮਲ ਮਿਰਚ, ਪਿਆਜ) ਦੇ ਰੇਟ ਵੀ ਵੱਧ ਗਏ ਹਨ। ਵੱਲਾ ਮੰਡੀ ‘ਚੋਂ ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਆਲੂਆਂ ਦਾ ਭਾਅ ਪ੍ਰਤੀ 50 ਕਿਲੋ ਪਿੱਛੇ 1400 ਰੁਪਏ ਸੀ, ਜੋ ਹੁਣ 800 ਰੁਪਏ ਰਹਿ ਗਿਆ, ਜਦਕਿ ਮਟਰ ਪਹਿਲਾਂ 30 ਤੋਂ 45 ਰੁਪਏ ਤੱਕ ਵਿਕਦਾ ਸੀ, ਜੋ ਹੁਣ 22 ਰੁਪਏ ਪ੍ਰਤੀ ਕਿਲੋ ਰਹਿ ਗਿਆ। ਗੋਭੀ 10 ਰੁਪਏ ਤੋਂ ਚਾਰ ਰੁਪਏ ਕਿਲੋ ਆ ਗਈ, ਗਾਜਰ 20 ਰੁਪਏ ਤੋਂ 10 ਰੁਪਏ ਕਿਲੋ ਹੀ ਰਹਿ ਗਈ, ਫਲੀਆਂ 28-30 ਤੋਂ 20 ਰੁਪਏ ਪ੍ਰਤੀ ਕਿਲੋ ਆ ਗਈ, ਮੂਲੀ ਦੇ ਰੇਟ ਵੀ ਅੱਧੇ ਰਹਿ ਗਏ।

ਮੰਡੀ ‘ਚ ਆੜਤੀਆਂ ਤੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਕਿਸਾਨੀ ਅੰਦੋਲਨ ਸਿੱਧਾ ਸਬਜ਼ੀ ਦੇ ਰੇਟਾਂ ਨੂੰ ਪ੍ਰਭਾਵਤ ਕਰ ਰਿਹਾ ਹੈ, ਕਿਉਂਕਿ ਸਬਜ਼ੀ ਦੀ ਸਪਲਾਈ ਦਿੱਲੀ ਨਹੀਂ ਹੋ ਰਹੀ। ਦਿੱਲੀ ਦੀ ਸਬਜੀ ਮੰਡੀ ਤੋਂ ਕਈ ਸੂਬਿਆਂ ਨੂੰ ਸਬਜ਼ੀ ਜਾਂਦੀ ਹੈ ਪਰ ਅੰਦੋਲਨ ਕਰਕੇ ਪਹਿਲੇ ਦਿਨ ਸਬਜ਼ੀ ਦੀਆਂ ਗੱਡੀਆਂ ਫਸ ਗਈਆਂ ਤਾਂ ਬਾਅਦ ‘ਚ ਵਪਾਰੀਆਂ ਨੇ ਭੇਜੀਆਂ ਹੀ ਨਹੀਂ। ਇਕ ਹਫਤੇ ਤੋਂ ਦਿੱਲੀ ਸਪਲਾਈ ਬੰਦ ਹੋਣ ਕਾਰਨ ਇੱਥੇ ਸਬਜ਼ੀ ਵੱਧ ਗਈ ਤੇ ਰੇਟ ਘੱਟ ਗਏ। ਉਸ ਨਾਲ ਤਾਂ ਇਸ ਵਾਰ ਲਾਗਤ ਹੀ ਪੂਰੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ ਨਹੀਂ ਤਾਂ ਜੇਕਰ ਇਸੇ ਤਰਾਂ ਚੱਲਦਾ ਰਿਹਾ ਤਾਂ ਅਗਲੇ ਦਿਨਾਂ ‘ਚ ਰੇਟ ਹੋਰ ਡਿੱਗ ਜਾਣਗੇ ਤੇ ਸਭ ਨੂੰ ਇਸ ਦਾ ਨੁਕਸਾਨ ਝੱਲਣਾ ਪਵੇਗਾ। 

LEAVE A REPLY

Please enter your comment!
Please enter your name here