ਚੰਡੀਗੜ੍ਹ 26 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਪੰਜਾਬ (Punjab) ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਤੇ ਨਵਜੋਤ ਸਿੰਘ ਸਿੱਧੂ (Navjot SIngh Sidhu) ਵਿਚਾਲੇ ਕੱਲ੍ਹ ਦੁਪਹਿਰ ਦੇ ਖਾਣੇ ਮੌਕੇ ਹੋਈ ਮੁਲਾਕਾਤ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਅਜਿਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਸ਼ਾਇਦ ਹੁਣ ਸਿੱਧੂ ਨੂੰ ਸੂਬਾ ਕੈਬਨਿਟ ਵਿੱਚ ਦੁਬਾਰਾ ਕੋਈ ਅਹਿਮ ਜਗ੍ਹਾ ਮਿਲ ਜਾਵੇ। ਚਰਚਾ ਹੈ ਕਿ ਸਿੱਧੂ ਨੂੰ ਬਿਜਲੀ ਮਹਿਕਮੇ ਦੇ ਨਾਲ-ਨਾਲ ਮੁੜ ਸ਼ਹਿਰੀ ਵਿਕਾਸ ਮਹਿਮਕਾ ਵੀ ਦਿੱਤਾ ਜਾ ਸਕਦਾ ਹੈ।
ਮੁੱਖ ਮੰਤਰੀ ਪਹਿਲਾਂ ਇਹ ਆਖ ਚੁੱਕੇ ਹਨ ਕਿ ਸਿਰਫ਼ ਤਿੰਨ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ’ਚ ਆਏ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਨਹੀਂ ਦਿੱਤਾ ਜਾ ਸਕਦਾ। ਅਮਰਿੰਦਰ ਸਿੰਘ ਦੀ ਕਪਤਾਨੀ ਵਾਲੀ ਪੰਜਾਬ ਸਰਕਾਰ ’ਚ ਨਵਜੋਤ ਸਿੱਧੂ ਨੂੰ ਮੰਤਰੀ ਬਣਾਇਆ ਗਿਆ ਸੀ ਪਰ ਪਿਛਲੇ ਵਰ੍ਹੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਸੀ ਤੇ ਆਪਣੀ ਮਰਜ਼ੀ ਨਾਲ ਏਕਾਂਤਵਾਸ ’ਚ ਚਲੇ ਗਏ ਸਨ।
ਦਰਅਸਲ ਉਸ ਤੋਂ ਪਹਿਲਾਂ ਪਿਛਲੇ ਸਾਲ ਮਈ ਮਹੀਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ‘ਸਹੀ ਤਰੀਕੇ ਨਾ ਸੰਭਾਲ’ ਸਕਣ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਸੀ ਕਿ ਇਸੇ ਕਾਰਣ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਸ਼ਹਿਰੀ ਇਲਾਕਿਆਂ ’ਚ ਮਾੜਾ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਦੋਵੇਂ ਆਗੂਆਂ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ ਤੇ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ ਸੀ।
ਉਦੋਂ ਤਕ ਉਹ ਕਾਂਗਰਸ ਪਾਰਟੀ ਦੀਆਂ ਸਾਰੀਆਂ ਗਤੀਵਿਧੀਆਂ ਤੋਂ ਵੀ ਦੂਰ ਹੋ ਗਏ ਸਨ ਪਰ ਕੱਲ੍ਹ ਦੋਵੇਂ ਆਗੂਆਂ ਨੇ ਸਭ ਕੁਝ ਭੁਲਾ ਕੇ ਇੱਕ ਘੰਟਾ ਇਕੱਠਿਆਂ ਬਿਤਾਇਆ ਤੇ ਵੱਖੋ-ਵੱਖਰੇ ਮਾਮਲਿਆਂ ਬਾਰੇ ਵਿਚਾਰ ਸਾਂਝੇ ਕੀਤੇ। ਦੱਸ ਦੇਈਏ ਕਿ ਪੰਜਾਬ ਦੇ ਇਨ੍ਹਾਂ ਦੋਵੇਂ ਮੁੱਖ ਆਗੂਆਂ ਵਿਚਲੇ ਮੱਤਭੇਦ ਨੂੰ ਪਾਰਟੀ ਲਈ ਵੱਡੇ ਅੜਿੱਕੇ ਵਜੋਂ ਵੇਖਿਆ ਜਾ ਰਿਹਾ ਹੈ। ਖ਼ਾਸ ਤੌਰ ’ਤੇ ਉਦੋਂ ਜਦੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਿੱਚ ਸਿਰਫ਼ ਦੋ ਸਾਲ ਬਾਕੀ ਰਹਿ ਗਏ ਹਨ।