ਬਰਨਾਲਾ 20 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨ ਕੇਂਦਰ ਦੇ ਅੜੀਅਲ ਰਵੱਈਏ ਦੇ ਬਾਵਜੂਦ ਆਪਣੇ ਮੋਰਚਿਆਂ ‘ਤੇ ਡਟੇ ਹੋਏ ਹਨ। ਅਜਿਹੇ ‘ਚ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੀ ਸੂਬਾ-ਪੱਧਰੀ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ 500 ਕਿਸਾਨ-ਜਥੇਬੰਦੀਆਂ ਦਾ ਸਾਂਝਾ ਦਿੱਲੀ-ਮੋਰਚਾ ਇਤਿਹਾਸਕ ਹੋਵੇਗਾ। ਉਨ੍ਹਾਂ ਕਿਹਾ ਇਹ ਮੋਰਚਾ ਮੋਦੀ-ਸਰਕਾਰ ਨੂੰ 3 ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਵਾਪਿਸ ਲੈਣ ਲਈ ਮਜ਼ਬੂਰ ਕਰ ਦੇਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੋਰਚੇ ‘ਚ ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਅਹਿਮ ਭੂਮਿਕਾ ਨਿਭਾਉਣਗੀਆਂ। ਬੁਰਜ਼ਗਿੱਲ ਨੇ ਕਿਹਾ ਕਿ ਪੰਜਾਬ ਭਰ ‘ਚ 30-ਕਿਸਾਨ ਜਥੇਬੰਦੀਆਂ ਵੱਲੋਂ ਟੋਲ-ਪਲਾਜ਼ਿਆਂ, ਰੇਲਵੇ-ਸਟੇਸ਼ਨਾਂ, ਪਾਰਕਾਂ, ਅੰਬਾਨੀ ਦੇ ਰਿਲਾਇੰਸ-ਪੰਪਾਂ ਅਤੇ ਬੀਜੇਪੀ ਲੀਡਰਾਂ ਦੇ ਘਰਾਂ ਅੱਗੇ ਪੱਕੇ-ਮੋਰਚੇ ਜੋਸ਼-ਖ਼ਰੋਸ਼ ਨਾਲ ਜਾਰੀ ਹਨ ਅਤੇ ਲੋਕ ਦਿੱਲੀ ਜਾਣ ਲਈ ਉਤਾਵਲੇ ਹਨ। ਜਥੇਬੰਦੀਆਂ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਮੋਰਚਿਆਂ ਨੂੰ ਵੀ ਜਾਰੀ ਰੱਖਣਗੀਆਂ।
ਮੀਟਿੰਗ ਦੌਰਾਨ ਜਨਰਲ-ਸਕੱਤਰ ਜਗਮੋਹਨ ਸਿੰਘ ਨੇ ਕਿਹਾ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ-ਵਿਰੋਧੀ ਕਾਨੂੰਨ ਵਾਪਿਸ ਲਏ ਜਾਣ, ਪਰ ਮੋਦੀ-ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਕਿਸਾਨਾਂ ‘ਤੇ ਇਹ ਕਾਲ਼ੇ-ਕਾਨੂੰਨ ਮੜ੍ਹ ਰਹੀ ਹੈ। ਉਨ੍ਹਾਂ ਕਿਹਾ ਦੇਸ਼-ਭਰ ਦੀਆਂ 500 ਕਿਸਾਨ-ਜਥੇਬੰਦੀਆਂ ਨੇ ਇਹ ਦਰਸਾ ਦਿੱਤਾ ਹੈ ਕਿ ਕਿਸਾਨ ਕਿਸੇ ਵੀ ਕੀਮਤ ‘ਤੇ ਇਹਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਗੇ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਸਾਂਝੇ-ਕਿਸਾਨ ਮੋਰਚੇ ਦੀ ਅਗਵਾਈ ‘ਚ ਪੰਜਾਬ ਦੀਆਂ 30-ਕਿਸਾਨ-ਜਥੇਬੰਦੀਆਂ ਦੇ ਵੱਡੇ-ਕਾਫ਼ਲਿਆਂ ਨਾਲ ਖਨੌਰੀ ਰਸਤਿਓਂ ਦਿੱਲੀ ਵੱਲ ਕੂਚ ਕਰੇਗਾ। ਕਾਫ਼ਲਿਆਂ ‘ਚ ਨੌਜਵਾਨਾਂ ਅਤੇ ਔਰਤਾਂ ਦੀ ਵੀ ਭਰਵੀਂ ਸ਼ਮੂਲੀਅਤ ਹੋਵੇਗੀ।