ਚੰਡੀਗੜ, 20 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ):ਅਜੋਕੇ ਡਿਜੀਟਲ ਯੁੱਗ ਵਿੱਚ ਸਾਈਬਰ ਖ਼ਤਰੇ ਦਾ ਸਾਹਮਣਾ ਕਰ ਰਹੇ ਸਮਾਜ ਦੀ ਸਹੂਲਤ ਲਈ ਮੁੱਖ ਸਕੱਤਰ, ਪੰਜਾਬ ਵਿਨੀ ਮਹਾਜਨ ਵੱਲੋਂ ਅੱਜ ਕੌਮਾਂਤਰੀ ਬਾਲ ਦਿਵਸ, ਜੋ ਹਰ ਸਾਲ 20 ਨਵੰਬਰ ਨੂੰ ਮਨਾਇਆ ਜਾਂਦਾ ਹੈ, ਮੌਕੇ ਸੂਬੇ ਵਿੱਚ ਤਿੰਨ ਮਹੀਨੇ ਚੱਲਣ ਵਾਲੀ “ਸਾਈਬਰ ਸੁਰੱਖਿਆ’’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਸੂਬਾਈ ਸਰਕਾਰ ਵੱਲੋਂ ਪੁਰਸਕਾਰ ਜੇਤੂ ਸਿਵਲ ਸੁਸਾਇਟੀ ਸੰਸਥਾ ਅਤੇ ਸਾਈਬਰ ਸੁਰੱਖਿਆ ਅਤੇ ਨੀਤੀ ਮਾਹਿਰਾਂ ਦੇ ਇਕ ਸਮੂਹ ਸਾਈਬਰਪੀਸ ਫਾਊਂਡੇਸ਼ਨ (ਸੀਪੀਐਫ) ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਚਲਾਈ ਗਈ ਹੈ।ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਦੀ ਮੌਜੂਦਗੀ ਵਿੱਚ ਇਸ ਮੁਹਿੰਮ ਦਾ ਆਗ਼ਾਜ਼ ਕਰਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਐਨ.ਸੀ.ਆਰ.ਬੀ. ਦੇ ਤਾਜਾ ਅੰਕੜਿਆਂ ਅਨੁਸਾਰ ਸਾਲ 2019 ਵਿੱਚ 28,000 ਤੋਂ ਵੱਧ ਸਾਈਬਰ ਅਪਰਾਧ ਦਰਜ ਹੋਏ। ਉਨਾਂ ਕਿਹਾ ਕਿ ਸਿਰਫ਼ ਡਿਜੀਟਲ ਜਾਣਕਾਰੀ ਦੀ ਘਾਟ ਕਾਰਨ ਆਪਣੇ ਬੈਂਕ ਖਾਤਿਆਂ ’ਚੋਂ ਮਿਹਨਤ ਨਾਲ ਕਮਾਏ ਪੈਸੇ ਗੁਆਉਣ ਦੇ ਜੋਖ਼ਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਬਹੁਤ ਜ਼ਰੂਰਤ ਹੈ।ਉਨਾਂ ਕਿਹਾ ਕਿ ਇਹ ਮੁਹਿੰਮ ਔਰਤਾਂ ਅਤੇ ਬੱਚਿਆਂ ਨੂੰ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਦਿਆਂ ਨਿੱਜਤਾ ਨੂੰ ਯਕੀਨੀ ਬਣਾਉਣ ਦੇ ਤਰੀਕਿਆਂ ਅਤੇ ਸਾਧਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਨਾਲ ਆਨਲਾਈਨ ਜਾਲਸਾਜ਼ੀਆਂ ਤੋਂ ਸੁਰੱਖਿਅਤ ਰਹਿਣ ਦੇ ਢੰਗਾਂ ਅਤੇ ਲੋੜ ਪੈਣ ਉਤੇ ਸਹਾਇਤਾ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੱਕ ਪਹੁੰਚ ਕਰਨ ਬਾਰੇ ਵੀ ਜਾਣਕਾਰੀ ਪ੍ਰਦਾਨ ਕਰੇਗੀ। ਵਿਨੀ ਮਹਾਜਨ ਨੇ ਪੰਜਾਬ ਪੁਲੀਸ ਅਤੇ ਸਾਈਬਰਪੀਸ ਫਾਊੁਂਡੇਸ਼ਨ ਨੂੰ ਲੋਕਾਂ ਦੀ ਭਲਾਈ ਵਾਸਤੇ ਇਸ ਸਾਂਝੇ ਉਪਰਾਲੇ ਲਈ ਵਧਾਈ ਦਿੱਤੀ।ਇਸ ਦੌਰਾਨ ਮੁੱਖ ਸਕੱਤਰ ਵੱਲੋਂ ਸੀ.ਬੀ.ਐਸ.ਈ. ਦਾ ਰਸਾਲਾ “ਸਾਈਬਰ ਸੇਫਟੀ” ਜਾਰੀ ਕੀਤਾ ਗਿਆ, ਜਿਸ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਪੰਜਾਬ ਪੁਲੀਸ ਦੀ ਕਮਿਊਨਿਟੀ
ਅਫੇਅਰਜ਼ ਡਿਵੀਜ਼ਨ ਵੱਲੋਂ ਕੀਤਾ ਗਿਆ ਹੈ।ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਵੀ ਵਧ ਰਹੇ ਸਾਈਬਰ ਅਪਰਾਧਾਂ ਉਤੇ ਚਿੰਤਾ ਜ਼ਾਹਿਰ ਕੀਤੀ ਅਤੇ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਤਰਾਂ ਦੇ ਅਪਰਾਧਾਂ ਬਾਰੇ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਉਹ ਆਪਣੇ ਆਪ ਨੂੰ ਆਨਲਾਈਨ ਖ਼ਤਰਿਆਂ ਤੋਂ ਬਚਾ ਸਕਣ।ਡੀਜੀਪੀ ਨੇ ਦੱਸਿਆ ਕਿ ਸਟੇਟ ਸਾਈਬਰ ਕਰਾਈਮ ਪੁਲੀਸ ਸਟੇਸ਼ਨ ਸਾਈਬਰ ਕਰਾਈਮ ਦੇ ਅਹਿਮ ਕੇਸਾਂ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਸਾਈਬਰ ਕਰਾਈਮ ਯੂਨਿਟ ਸਥਾਪਤ ਕੀਤੇ ਗਏ ਹਨ ਅਤੇ ਇਨਾਂ ਯੂਨਿਟਾਂ ਦੇ ਮੁਲਾਜ਼ਮਾਂ ਨੂੰ ਸਾਈਬਰ ਕਰਾਈਮ ਕੇਸ ਦਰਜ ਕਰਨ ਅਤੇ ਇਨਾਂ ਦੀ ਜਾਂਚ ਲਈ ਸਿਖਲਾਈ ਦਿੱਤੀ ਜਾ ਰਹੀ ਹੈ।ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲੀਸ ਅਤੇ ਸੀ.ਪੀ.ਐਫ. ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦਾ ਉਦੇਸ਼ ਪੰਜਾਬ ਵਾਸੀਆਂ ਖਾਸ ਤੌਰ ’ਤੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਗਰੂਕ ਕਰਨਾ ਅਤੇ ਉਨਾਂ ਨੂੰ ਸਾਈਬਰ ਕਰਾਈਮ ਬਾਰੇ ਹੋਰ ਸਤਰਕ ਕਰਨਾ ਹੈ। ਉਨਾਂ ਅੱਗੇ ਕਿਹਾ ਕਿ ਇਹ ਮੁਹਿੰਮ ਆਨਲਾਈਨ/ਸਾਈਬਰ ਸੁਰੱਖਿਆ ਦੇ ਸਾਰੇ ਪ੍ਰਮੁੱਖ ਪਹਿਲੂਆਂ ’ਤੇ ਕੇਂਦਰਿਤ ਹੋਵੇਗੀ ਅਤੇ ਵੱਖ ਵੱਖ ਉਮਰ ਵਰਗ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਡਿਜੀਟਲ ਪਲੇਟਫਾਰਮ, ਵੈਬੀਨਾਰ, ਰੇਡੀਓ ਮੁਹਿੰਮ ਤੋਂ ਇਲਾਵਾ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ।ਉਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਸਾਈਬਰ ਸੁਰੱਖਿਆ ਸਬੰਧੀ ਕੰਮ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਲਈ ਸਿਖਲਾਈ ਮੌਡਿਊਲ ਵੀ ਸ਼ਾਮਲ ਹੋਣਗੇ। ਇਹ ਮੁਹਿੰਮ ਖਾਸ ਤੌਰ ’ਤੇ ਬਾਲ ਅਸ਼ਲੀਲਤਾ, ਆਨਲਾਈਨ ਸਟਾਕਿੰਗ ਅਤੇ ਸਾਈਬਰ ਗਰੂਮਿੰਗ ਅਪਰਾਧਾਂ ’ਤੇ ਕੇਂਦਰਿਤ ਹੋਵੇਗੀ। ਇਨਾਂ ਅਪਰਾਧਾਂ ਦਾ ਔਰਤਾਂ ਅਤੇ ਬੱਚਿਆਂ ਨੂੰ ਰੋਜ਼ਾਨਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨਾਂ ਨੂੰ ਮਾਨਸਿਕ ਤੇ ਸਰੀਰਕ ਪਰੇਸ਼ਾਨੀ ਵਿੱਚੋਂ ਲੰਘਣਾ ਪੈਂਦਾ ਹੈ।ਹੋਰ ਵੇਰਵੇ ਸਾਂਝੇ ਕਰਦਿਆਂ ਡੀਜੀਪੀ ਨੇ ਅੱਗੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਪਲੇਟਫਾਰਮਜ਼ ਜਿਵੇਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ-ਟਿਊਬ ਚੈੱਨਲ ’ਤੇ ਵੀ ਚਲਾਈ ਜਾਵੇਗੀ। ਇਸ ਤੋਂ ਇਲਾਵਾ, ਪੰਜਾਬ ਦੇ ਅੰਦਰੂਨੀ ਖੇਤਰਾਂ ਤੱਕ ਪਹੁੰਚ ਲਈ ਇਹ ਮੁਹਿੰਮ ਐੱਫ.ਐੱਮ. ਸਟੇਸ਼ਨਾਂ ’ਤੇ ਵੀ ਪ੍ਰਸਾਰਿਤ ਕੀਤੀ ਜਾਵੇਗੀ। ਇਸ ਮੁਹਿੰਮ ਦੌਰਾਨ ਨਾਗਰਿਕਾਂ ਨੂੰ ਸਾਈਬਰ ਕਰਾਈਮ ਜਾਗਰੂਕਤਾ ਦੇ ਨਵੇਂ ਅਤੇ ਉੱਭਰ ਰਹੇ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੁਹਿੰਮ ਦੌਰਾਨ ਅਸਲ ਵਿੱਚ ਮੌਜੂਦਾ ਸਮੇਂ ਦੇ ਸਾਈਬਰ ਅਪਰਾਧਾਂ ਦੇ ਵੱਖ ਵੱਖ ਪਹਿਲੂਆਂ ਜਿਵੇਂ ਟੈਲੀ ਧੋਖਾਧੜੀ, ਵਿੱਤੀ ਧੋਖਾਧੜੀ, ਪਛਾਣ ਸਬੰਧੀ ਅਪਰਾਧ ਅਤੇ ਮਾਲਵੇਅਰ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਮੁਹਿੰਮ ਨਾਗਰਿਕਾਂ ਨੂੰ ਨਾ ਸਿਰਫ ਸਾਈਬਰ ਖ਼ਤਰਿਆਂ ਦੀ ਪਛਾਣ ਕਰਨ ਸਗੋਂ ਵੱਖ-ਵੱਖ ਸਾਈਬਰ ਅਪਰਾਧਾਂ ਨਾਲ ਸਬੰਧਤ ਘਟਨਾਵਾਂ ਦੇ ਵਾਪਰਨ ਤੋਂ ਪਹਿਲਾਂ ਹੀ ਇਨਾਂ ਦੀ ਰੋਕਥਾਮ ਦੇ ਸਮਰੱਥ ਬਣਾਏਗੀ ਅਤੇ ਸਾਈਬਰ ਖ਼ਤਰਿਆਂ ਨੂੰ ਘਟਾਉਣ ਲਈ ਢੁਕਵੇਂ ਕਦਮ ਚੁੱਕਣ ਵਿੱਚ ਯੋਗਦਾਨ ਪਾਵੇਗੀ। ਇਸ ਲਈ ਇਹ ਮੁਹਿੰਮ ਵਿਸ਼ੇਸ਼ ਤੌਰ ’ਤੇ ਬੱਚਿਆਂ, ਔਰਤਾਂ ਅਤੇ ਮਾਪਿਆਂ ਤੋਂ ਇਲਾਵਾ ਕੋਵਿਡ-19 ਮਹਾਂਮਾਰੀ ਦੌਰਾਨ ਸਾਹਮਣੇ ਆ ਰਹੇ ਸਾਈਬਰ ਖ਼ਤਰਿਆਂ ’ਤੇ ਕੇਂਦਰਿਤ ਹੋਵੇਗੀ।ਇਸ ਮੌਕੇ ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਜਨਤਕ ਸ਼ਿਕਾਇਤ ਨਿਵਾਰਨ, ਪੰਜਾਬ ਗੁਰਪ੍ਰੀਤ ਕੌਰ ਦਿਓ ਅਤੇ ਏ.ਆਈ.ਜੀ. ਸਾਈਬਰ ਕ੍ਰਾਈਮ ਨਿਲਾਂਬਰੀ ਜਗਦਲੇ ਨੇ ਵੀ ਇਸ ਡਿਜੀਟਲ ਜਾਗਰੂਕਤਾ ਮੁਹਿੰਮ ਬਾਰੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ।ਇਸ ਮੌਕੇ ਸਾਈਬਰਪੀਸ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਸ੍ਰੀ ਵਿਨੀਤ ਕੁਮਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੰਜਾਬ ਵਿੱਚ ਇਹ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਪੁਲੀਸ ਅਤੇ ਅਸਾਮ ਪੁਲੀਸ ਨਾਲ ਸਾਈਬਰ ਜਾਗਰੂਕਤਾ ਮੁਹਿੰਮ ਸਬੰਧੀ ਆਪਣੀ ਭਾਈਵਾਲੀ ਬਾਰੇ ਦੱਸਿਆ।———-