ਚੰਡੀਗੜ੍ਹ 12 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਗੱਲ਼ਬਾਤ ਬਾਰੇ ਅੱਜ ਫੈਸਲਾ ਲੈਣਗੀਆਂ। ਇਸ ਤੋਂ ਪਹਿਲਾਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਗੱਲ਼ਬਾਤ ਦੇ ਸੱਦੇ ਨੂੰ ਠੁਕਰਾ ਦਿੱਤਾ। ਕਿਸਾਨ ਜਥੇਬੰਦੀ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਵਿੱਚ ਫੁੱਟ ਪਾ ਰਹੀ ਹੈ। ਜੇਕਰ ਸਰਕਾਰ ਸੱਚਮੁੱਚ ਗੰਭੀਰ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਮੀਟਿੰਗ ਕਰਨ।
ਉਧਰ, 30 ਕਿਸਾਨ ਜਥੇਬੰਦੀਆਂ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਕਰ ਰਹੀਆਂ ਹਨ ਜਿਸ ਵਿੱਚ ਕੇਂਦਰ ਨਾਲ ਮੀਟਿੰਗ ਬਾਰੇ ਫੈਸਲਾ ਲਿਆ ਜਾਵੇਗਾ। ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਕੇਂਦਰੀ ਮੰਤਰੀਆਂ ਪਿਯੂਸ਼ ਗੋਇਲ ਤੇ ਨਰਿੰਦਰ ਤੋਮਰ ਵੱਲੋਂ 13 ਨਵੰਬਰ ਨੂੰ ਬੁਲਾਈ ਗਈ ਮੀਟਿੰਗ ਵਿੱਚ ਸ਼ਮੂਲੀਅਤ ਬਾਰੇ ਵਿਚਾਰ ਕਰਨਗੀਆਂ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜੋ 30 ਕਿਸਾਨ ਜਥੇਬੰਦੀਆਂ ਨਾਲੋਂ ਵੱਖਰੇ ਤੌਰ ’ਤੇ ਸੰਘਰਸ਼ ਕਰ ਰਹੀ ਹੈ, ਵੱਲੋਂ ਵੀ ਦਿੱਲੀ ਜਾਣ ਸਬੰਧੀ ਅੱਜ ਫ਼ੈਸਲਾ ਲਿਆ ਜਾਵੇਗਾ।
ਦੱਸ ਦਈਏ ਕਿ ਪੰਜਾਬ ’ਚ ਕਿਸਾਨ ਅੰਦੋਲਨ ਅੱਜ 51ਵੇਂ ਦਿਨ ਵਿੱਚ ਪਹੁੰਚ ਗਿਆ ਹੈ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੂਬੇ ਵਿੱਚ 100 ਤੋਂ ਵੱਧ ਥਾਵਾਂ ’ਤੇ ਧਰਨਾ-ਪ੍ਰਦਰਸ਼ਨ ਜਾਰੀ ਹਨ। ਕਿਸਾਨਾਂ ਨੂੰ ਦਿੱਲੀ ਵਿੱਚ 26 ਤੇ 27 ਨਵੰਬਰ ਨੂੰ ਪ੍ਰਦਰਸ਼ਨ ਦੀ ਦਿੱਲੀ ਪੁਲਿਸ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ’ਤੇ ਜਥੇਬੰਦੀਆਂ ਨੇ ਬਦਲਵੇਂ ਰਾਹ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਦਿੱਲੀ ਪੁਲਿਸ ਨੇ 26 ਤੇ 27 ਨਵੰਬਰ ਨੂੰ ਪ੍ਰਦਰਸ਼ਨ ਕਰਨ ਦੀ ਭਾਵੇਂ ਇਜਾਜ਼ਤ ਨਹੀਂ ਦਿੱਤੀ ਹੈ ਪਰ ਦੇਸ਼ ਭਰ ਦੀਆਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਲੱਖਾਂ ਕਿਸਾਨ ਮਿੱਥੀਆਂ ਗਈਆਂ ਤਾਰੀਕਾਂ ’ਤੇ ਕੌਮੀ ਰਾਜਧਾਨੀ ਵੱਲ ਹਰ ਹਾਲਤ ’ਚ ਕੂਚ ਕਰਨਗੇ।