ਪਟਨਾ,09 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਲਕੇ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਕਾਂਗਰਸ ਨੂੰ ਡਰ ਹੈ ਕਿ ਬਿਹਾਰ ‘ਚ ਨਤੀਜਿਆਂ ਤੋਂ ਬਾਅਦ ਪਾਰਟੀ ‘ਚ ਤਰੇੜ ਪੈ ਸਕਦੀ ਹੈ। ਪਾਰਟੀ ਨੂੰ ਲੱਗਦਾ ਹੈ ਕਿ ਜਿੱਤ ਤੋਂ ਬਾਅਦ ਉਨ੍ਹਾਂ ਦੇ ਵਿਧਾਇਕ ਟੁੱਟ ਸਕਦੇ ਹਨ। ਅਜਿਹੇ ਖਦਸ਼ਿਆਂ ਦੇ ਮੱਦੇਨਜ਼ਰ ਕਾਂਗਰਸ ਨੇ ਬਿਹਾਰ ਦੇ ਸਾਰੇ 38 ਜ਼ਿਲ੍ਹਿਆਂ ਵਿੱਚ ਆਪਣੇ ਸੁਪਰਵਾਇਜ਼ਰਸ ਨੂੰ ਭੇਜਿਆ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਕਾਂਗਰਸ ਹਰ ਜ਼ਿਲ੍ਹੇ ‘ਚ ਆਪਣੇ ਸੁਪਰਵਾਇਜ਼ਰਸ ਨੂੰ ਭੇਜ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਖ਼ੁਦ ਰਾਜਧਾਨੀ ਪਟਨਾ ਪਹੁੰਚ ਗਏ ਹਨ। ਇੱਕ ਹੋਰ ਅਬਜ਼ਰਵਰ ਅਵਿਨਾਸ਼ ਪਾਂਡੇ ਵੀ ਪਟਨਾ ਪਹੁੰਚਣ ਵਾਲੇ ਹਨ। ਰਣਦੀਪ ਸੁਰਜੇਵਾਲਾ ਪਟਨਾ ਵਿੱਚ ਬੈਠੇ ਹਨ ਤੇ ਪਾਰਟੀ ਦੇ ਹਰ ਕਾਂਗਰਸੀ ਆਗੂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੇ ਹਨ।
ਐਗਜ਼ਿਟ ਪੋਲ ‘ਚ ਕੰਡੇ ਤੋਂ ਟੱਕਰ ਬਾਅਦ ਕਾਂਗਰਸ ਦੇ ਸਾਹਮਣੇ ਵਿਧਾਇਕਾਂ ਨੂੰ ਆਪਣੇ ਕੋਲ ਰੱਖਣ ਦੀ ਇਕ ਵੱਡੀ ਚੁਣੌਤੀ ਹੈ। ਕਾਂਗਰਸ ਨੂੰ ਲੱਗਦਾ ਹੈ ਕਿ ਜੇਤੂ ਵਿਧਾਇਕਾਂ ਨੂੰ ਪਾਰਟੀ ‘ਚ ਰੱਖਣਾ ਬਹੁਤ ਮੁਸ਼ਕਲ ਹੋਏਗਾ। ਦੱਸ ਦੇਈਏ ਕਿ ਇਸ ਵਾਰ ਐਗਜ਼ਿਟ ਪੋਲ ਵਿੱਚ ਮਹਾਂਗਠਜੋੜ ਦੀ ਜਿੱਤ ਦੇ ਦਾਅਵੇ ਕੀਤੇ ਗਏ ਹਨ। ਮਹਾਂਗਠਜੋੜ ‘ਚ ਕਾਂਗਰਸ ਨੇ ਆਰਜੇਡੀ ਦੇ ਨਾਲ ਬਿਹਾਰ ‘ਚ ਚੋਣ ਲੜੀ ਹੈ।