ਬੁਢਲਾਡਾ – ,2 ਨਵੰਬਰ (ਸਾਰਾ ਯਹਾ /ਅਮਨ ਮਹਿਤਾ) – ਪੰਜਾਬ ਦੀਆਂ ਲਗਭਗ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਵਿੱਢਿਆ ਸੰਘਰਸ਼ ਨੂੰ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਪੰਜਾਬੀ ਕਲਾਕਾਰਾਂ ਤੋਂ ਬਿਨਾਂ ਢਾਡੀ , ਕਵੀਸ਼ਰ , ਨਾਟਕ ਮੰਡਲੀਆਂ ਆਦਿ ਕਲਾਕਾਰਾਂ ਦੁਆਰਾ ਸੰਘਰਸ਼ੀ ਕਿਸਾਨਾਂ ਵਿੱਚ ਜੋਸ਼ ਭਰਿਆ ਜਾ ਰਿਹਾ ਹੈ। ਅੱਜ ਦੇ ਧਰਨੇ ਬੀਬੀ ਸੁਰਿੰਦਰ ਕੌਰ ਕੁਲਿਹਰੀ,ਬੀਬੀ ਹਰਪ੍ਰੀਤ ਕੌਰ ਚੋਟੀਆਂ , ਸਾਰੰਗੀ ਮਾਸਟਰ ਮਨਦੀਪ ਸਿੰਘ ਦੇ ਢਾਡੀ ਜਥੇ ਨੇ ਜੋਸ਼ੀਲੀਆਂ ਵਾਰਾਂ ਗਾ ਕੇ ਕਿਸਾਨੀ ਸ਼ਘਰਸ ਨੂੰ ਜੋਸ਼ ਭਰਿਆ।ਕਿਸਾਨਾਂ ਦੇ ਇਕੱਠ ਵਿੱਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੇ ਗਲਤ ਫੈਸਲਿਆਂ ਦੀ ‘ਕੱਲੀ ‘ਕੱਲੀ ਮਦ ਦੀ ਪੋਲ ਖੋਲ ਕੇ ਰੱਖ ਦਿੱਤੀ ਅਤੇ ਇਸਦੇ ਖੇਤੀ ਦੇ ਕਾਰੋਬਾਰ ਅਤੇ ਦੇਸ਼ ਦੀ ਆਰਥਿਕਤਾ ‘ਤੇ ਪੈਣ ਵਾਲੇ ਮਾਰੂ ਪ੍ਰਭਾਵਾ ਵਾਰੇ ਜਾਣਕਾਰੀ ਦਿੱਤੀ । ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਦੇਸ਼ ਦਾ ਅੰਨਦਾਤਾ ਅਤੇ ਇਸਦੇ ਭਾਈਵਾਲ ਵਰਗ ਹਾਕਮਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਦਿਆਲਪੁਰਾ , ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਜਸਕਰਨ ਸਿੰਘ ਸ਼ੇਰਖਾਂ ਵਾਲਾ , ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ , ਕੁਲ ਹਿੰਦ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਿੰਘ ਗੁਰਨੇ ਤੋਂ ਇਲਾਵਾ ਸਤਪਾਲ ਸਿੰਘ ਬਰੇ , ਸਤਪਾਲ ਸਿੰਘ ਗੁਰਨੇ ਆਦਿ ਸਮੇਤ ਕਿਸਾਨ ਅਤੇ ਅੋਰਤਾ ਹਾਜਰ ਸਨ।