ਚੰਡੀਗੜ, 1 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ):ਪੰਜਾਬ ਦਾ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ) ਗੁਆਂਢੀ ਰਾਜ ਹਰਿਆਣਾ ਅਤੇ ਦਿੱਲੀ ਦੀ ਤੁਲਨਾ ਵਿੱਚ ਕਾਫ਼ੀ ਬਿਹਤਰ ਹੈ ਅਤੇ ਇਸ ਨਾਲ ਪੰਜਾਬ ’ਤੇ ਸਾਰਾ ਦੋਸ਼ ਮੜਨ ਦੇ ਦੋਸ਼ਾਂ ਦਾ ਪਰਦਾਫਾਸ਼ ਹੋਇਆ ਹੈ ਕਿਉਂਕਿ ਜ਼ਮੀਨੀ ਹਾਲਾਤ ਇੱਕ ਅਲੱਗ ਹੀ ਕਹਾਣੀ ਬਿਆਨ ਕਰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਾਲ ਦੇ ਦਿਨਾਂ ਵਿੱਚ ਵਿਸ਼ੇਸ਼ ਤੌਰ ’ਤੇ ਅਕਤੂਬਰ ਤੋਂ ਦਸੰਬਰ ਦੇ ਮਹੀਨਿਆਂ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਲਈ ਉੱਤਰੀ ਭਾਰਤ ਦੇ ਰਾਜਾਂ, ਖ਼ਾਸਕਰ ਪੰਜਾਬ ਵਿਚ ਝੋਨੇ ਦੀ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।ਇਸ ਲਈ ਇੱਥੇ ਤੱਥਾਂ ਨੂੰ ਸਮਝਣ ਦੀ ਲੋੜ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ 6 ਕੰਟੀਨਿਊਸ ਐਂਬਈਐਂਟ ਏਅਰ ਕੁਆਲਿਟੀ ਮੌਨੀਟਰਿੰਗ ਸਟੇਸ਼ਨਜ਼ (ਸੀਏਏਕਿਯੂਐਮਐਸ) ਸਥਾਪਤ ਹਨ ਜਿਨਾਂ ਵਿੱਚ ਅੰਮਿ੍ਰਤਸਰ, ਲੁਧਿਆਣਾ, ਜਲੰਧਰ, ਖੰਨਾ, ਮੰਡੀ ਗੋਬਿੰਦਗੜ ਅਤੇ ਪਟਿਆਲੇ ਵਿੱਚ ਇੱਕ-ਇੱਕ ਸਟੇਸ਼ਨ ਸਥਾਪਤ ਹੈ। ਉਨਾਂ ਦੱਸਿਆ ਕਿ ਇਨਾਂ ਅੰਕੜਿਆਂ (ਔਸਤਨ ਅਧਾਰ ’ਤੇ) ਦੀ ਤੁਲਨਾ ਵਿੱਚ ਦਿੱਲੀ ਨੇੜੇ ਹਰਿਆਣਾ ਵਿੱਚ ਗੁਰੂਗ੍ਰਾਮ, ਪਾਣੀਪਤ, ਸੋਨੀਪਤ, ਫਰੀਦਾਬਾਦ, ਰੋਹਤਕ ਵਿਖੇ ਇਹ ਸਟੇਸ਼ਨ ਸਥਾਪਤ ਹਨ ਅਤੇ ਦਿੱਲੀ ਦੇ ਸਟੇਸ਼ਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਅਗਸਤ ਅਤੇ ਸਤੰਬਰ (2018-2020) ਦੇ ਮਹੀਨਿਆਂ ਵਿਚ, ਪੰਜਾਬ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 50 ਤੋਂ 87 ਦੇ ਅੰਦਰ ਰਿਹਾ। ਜਦੋਂ ਕਿ ਦਿੱਲੀ ਵਿਚ, ਉਸੇ ਸਮੇਂ ਦੌਰਾਨ ਔਸਤਨ ਏ.ਕਿਊ.ਆਈ 63 ਤੋਂ 118 ਤੱਕ ਰਿਹਾ।ਇਸੇ ਸਮੇਂ ਦਿੱਲੀ (2019-2020) ਅਤੇ ਫਰੀਦਾਬਾਦ ਦੇ ਨੇੜੇ ਹਰਿਆਣਾ ਦੇ ਸਟੇਸ਼ਨਾਂ ਵਿਚ, ਔਸਤਨ ਏ.ਕਿਊ.ਆਈ. 67 ਤੋਂ 115 ਤੱਕ ਰਿਹਾ। ਇਸ ਲਈ ਅਕਤੂਬਰ ਵਿੱਚ ਝੋਨੇ ਦੇ ਵਢਾਈ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਅਤੇ ਹਰਿਆਣਾ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ ਕ੍ਰਮਵਾਰ 26-36% ਅਤੇ 32 – 34% ਸੀ, ਜੋ ਪੰਜਾਬ ਨਾਲੋਂ ਜ਼ਿਆਦਾ ਸੀ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਕਤੂਬਰ (2018-2020) ਦੇ ਮਹੀਨੇ ਵਿਚ ਵਾਢੀ ਸ਼ੁਰੂ ਹੋਣ ਅਤੇ ਪਰਾਲੀ ਸਾੜਨ ਦੇ ਸਮੇਂ ਦੌਰਾਨ ਪੰਜਾਬ ਦੇ ਸ਼ਹਿਰਾਂ ਵਿਚ ਹਵਾ ਗੁਣਵੱਤਾ ਸੂਚਕ ਅੰਕ 116 ਤੋਂ 153 ਤਕ ਰਿਹਾ। ਉਸੇ ਸਮੇਂ, ਦਿੱਲੀ ( 2019-2020) ਅਤੇ ਫਰੀਦਾਬਾਦ (2020) ਦੇ ਨੇੜੇ ਹਰਿਆਣਾ ਵਿਚਲੀਆਂ ਥਾਵਾਂ ਵਿਖੇ ਔਸਤਨ ਏ.ਕਿਊ.ਆਈ. 203 ਤੋਂ 245 ਤੱਕ ਰਿਹਾ ਅਤੇ ਇਸ ਸਮੇਂ ਦੌਰਾਨ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 234 ਤੋਂ 269 ਤੱਕ ਰਿਹਾ। ਪੰਜਾਬ ਦੇ ਸ਼ਹਿਰਾਂ ਦੇ ਹਵਾ ਗੁਣਵੱਤਾ ਸੂਚਕ ਅੰਕ ਵਿੱਚ 76 ਫੀਸਦੀ ਵਾਧਾ ਜਦਕਿ ਹਰਿਆਣਾ ਦੇ ਸ਼ਹਿਰਾਂ ਅਤੇ ਦਿੱਲੀ ਸਟੇਸ਼ਨਾਂ ਦੇ ਹਵਾ ਗੁਣਵੱਤਾ ਸੂਚਕ ਅੰਕ ਵਿੱਚ ਕ੍ਰਮਵਾਰ 107% ਅਤੇ 134% ਦਾ ਵਾਧਾ ਦੇਖਿਆ ਗਿਆ। ਇਸ ਦੇ ਨਾਲ ਹੀ ਇਸੇ ਸਮੇਂ ਦੌਰਾਨ ਹਰਿਆਣਾ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 80-90% ਰਿਹਾ ਜੋ ਪੰਜਾਬ ਤੋਂ ਵੱਧ ਹੈ ਜਦੋਂ ਕਿ ਦਿੱਲੀ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 100% ਤੋਂ ਵੀ ਵੱਧ ਰਿਹਾ।
ਬੁਲਾਰੇ ਨੇ ਹੋਰ ਵੇਰਵੇ ਦਿੰਦਿਆਂ ਕਿਹਾ ਕਿ ਹਰਿਆਣਾ ਦੇ ਸ਼ਹਿਰਾਂ ਅਤੇ ਦਿੱਲੀ ਸਟੇਸ਼ਨਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਵਿੱਚ ਵਾਧੇ ਦੀ ਉੱਚ ਪ੍ਰਤੀਸ਼ਤਤਾ ਦਰਸਾਉਂਦੀ ਹੈ ਕਿ ਹਰਿਆਣਾ ਅਤੇ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ ਸਥਾਨਕ ਕਾਰਨਾਂ ਦੇ ਨਾਲ ਨਾਲ ਐਨਸੀਆਰ ਖੇਤਰ ਵਿੱਚ ਪਰਾਲੀ ਸਾੜਨ ਕਰਕੇ ਪ੍ਰਭਾਵਿਤ ਹੁੰਦਾ ਹੈ। ਇਨਾਂ ਸਥਾਨਕ ਕਾਰਨਾਂ ਵਿੱਚ ਟਰਾਂਸਪੋਰਟ, ਉਦਯੋਗ, ਪਾਵਰ ਪਲਾਂਟ, ਰਿਹਾਇਸ਼ੀ, ਸੜਕਾਂ ਦੀ ਧੂੜ, ਉਸਾਰੀ ਕਾਰਜ, ਡੀ.ਜੀ. ਸੈੱਟਸ, ਖੇਤੀ ਰਹਿੰਦ-ਖੂਹੰਦ ਸਾੜਨਾ, ਸ਼ਮਸ਼ਾਨ ਘਾਟ, ਰੈਸਟੋਰੈਂਟ, ਹਵਾਈ ਅੱਡੇ, ਕੂੜੇਦਾਨ, ਮਿੳਂਸਪਲ ਦੀਆਂ ਕੂੜੇ ਨਾਲ ਭਰੀਆਂ ਜ਼ਮੀਨਾਂ ਵਿੱਚ ਅੱਗ ਲਾਉਣ ਦੀਆਂ ਕਾਰਵਾਈਆਂ ਆਦਿ ਸ਼ਾਮਲ ਹਨ। ਇਸਦਾ ਪਤਾ ਇਸ ਤੱਥ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਪੀਐਮ 2.5 ਦੇ ਉੱਚ ਮੁੱਲ ਕਰਕੇ ਹੈ ਜਦੋਂ ਕਿ ਦਿੱਲੀ ਵਿਚ ਆਮ ਤੌਰ ’ਤੇ ਏ.ਕਿਊ.ਆਈ. ਪੀ.ਐਮ10 ਦੇ ਉੱਚ ਮੁੱਲ ਕਰਕੇ ਹੈ।ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਵਿਗਿਆਨਕ ਤੌਰ ’ਤੇ ਇਹ ਸਿੱਧ ਕੀਤਾ ਗਿਆ ਹੈ ਕਿ ਪੀ.ਐਮ2.5 ਸੈਂਕੜੇ ਕਿਲੋਮੀਟਰ ਦਾ ਸਫਰ ਕਰ ਸਕਦੇ ਹਨ ਜਦੋਂ ਕਿ ਪੀ.ਐਮ.10 ਆਮ ਤੌਰ’ ਤੇ ਬਹੁਤ ਘੱਟ ਦੂਰੀ ਤੈਅ ਕਰਦੇ ਹਨ।
ਬੁਲਾਰੇ ਨੇ ਅੱਗੇ ਕਿਹਾ ਕਿ ਫਸਲਾਂ ਦੀ ਕਟਾਈ ਅਤੇ ਖੁੱਲੇ ਮੈਦਾਨਾਂ ਵਿੱਚ ਸਰਗਰਮੀਆਂ ਕਰਕੇ ਪੰਜਾਬ ਦੀ ਸਥਾਨਕ ਹਵਾ ਦੀ ਗੁਣਵੱਤਾ ਪ੍ਰਭਾਵਤ ਹੁੰਦੀ ਹੈ ਜਿਸ ਨਾਲ ਸਸਪੈਂਡਿਡ ਪਾਰਟੀਕੁਲੇਟ ਮੈਟਰ ਵਿੱਚ ਵਾਧਾ ਹੁੰਦਾ ਹੈ। ਹਾਲਾਂਕਿ, ਰਾਜ ਸਰਕਾਰ ਇਸ ਦਿਸ਼ਾ ਵਿਚ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ। ਇਸ ਦੇ ਨਾਲ ਹੀ ਫ਼ਸਲੀ ਵਿਭਿੰਨਤਾ ਦੀ ਲੰਮੇ ਸਮੇਂ ਦੀ ਰਣਨੀਤੀ ਪੰਜਾਬ ਵਿੱਚ ਆਪਣੀਆਂ ਜੜਾਂ ਜਮਾ ਰਹੀ ਹੈ ਜਿਸ ਅਧੀਨ 2019-20 ਅਤੇ 2020-21 ਦੌਰਾਨ ਗੈਰ-ਬਾਸਮਤੀ ਝੋਨੇ ਤੋਂ ਬਦਲਵੀਆਂ ਫਸਲਾਂ ਜਿਵੇਂ ਕਪਾਹ, ਮੱਕੀ ਅਤੇ ਬਾਸਮਤੀ ਦੀ ਕਾਸ਼ਤ ਅਧੀਨ 7 ਲੱਖ ਹੈਕਟੇਅਰ ਰਕਬਾ ਆਇਆ ਹੈ।ਪੰਜਾਬ ਸਰਕਾਰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਸੁਪਰ ਐਸ.ਐਮ.ਐਸ, ਹੈਪੀ ਸੀਡਰ, ਸੁਪਰ ਸੀਡਰ, ਜ਼ੀਰੋ ਟਿਲ ਡਰਿੱਲ, ਰੋਟਾਵੇਟਰ, ਚੌਪਰ, ਮਲਚਰ ਆਦਿ ਮਸ਼ੀਨਾਂ ਵੀ ਮੁਹੱਈਆ ਕਰਵਾ ਰਹੀ ਹੈ। ਇਸ ਤੋਂ ਇਲਾਵਾ ਸਖ਼ਤੀ ਨਾਲ ਲਾਗੂਕਰਨ ਦੇ ਨਤੀਜੇ ਵਜੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਅਧੀਨ ਖੇਤਰ ਵਿਚ 5.26% ਕਮੀ ਆਈ ਹੈ। ———