ਸਮਰਾਲਾ 28 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਸਰਕਾਰੀ ਸਕੂਲ (Government Schools) ਵਿੱਚ ਕੋਰੋਨਾ ਦੀ ਦਸਤਕ ਨੇ ਮਾਪਿਆਂ ਤੇ ਅਧਿਆਪਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਇੱਕ ਅਧਿਆਪਕ (Teacher) ਦੀ ਰਿਪੋਰਟ ਕੋਰੋਨਾ ਪੌਜ਼ੇਟਿਵ (Corona Positive) ਆਈ ਹੈ। ਇਸ ਮਗਰੋਂ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਸਕੂਲ ਨੂੰ ਇੱਕ ਹਫ਼ਤੇ ਲਈ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ ਸਟਾਫ਼ ਦੇ ਦੁਬਾਰਾ ਟੈਸਟ ਕਰਨ ਦੇ ਹੁਕਮ ਦਿੱਤੇ ਹਨ।
ਪੰਜਾਬ ਦੇ ਸਕੂਲਾਂ ਵਿੱਚ ਇਸ ਵੇਲੇ ਸਿਰਫ 10ਵੀਂ ਤੇ 12ਵੀਂ ਜਮਾਤ ਦੀਆਂ ਕਲਾਸਾਂ ਸ਼ੁਰੂ ਹੋਈਆਂ ਹਨ। ਸਰਕਾਰ ਨੇ ਹਾਜ਼ਰੀ ਜ਼ਰੂਰੀ ਨਹੀਂ ਕੀਤੀ ਜਿਸ ਕਰਕੇ ਬਹੁਤ ਘੱਟ ਮਾਪੇ ਬੱਚਿਆਂ ਨੂੰ ਸਕੂਲ ਭੇਜ ਰਹੇ ਹਨ। ਹੁਣ ਇਸ ਘਟਨਾ ਨਾਲ ਮਾਪਿਆਂ ਤੇ ਅਧਿਆਪਕਾਂ ਵਿੱਚ ਸਹਿਮ ਹੋਰ ਵਧ ਗਿਆ ਹੈ। ਉਧਰ, ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਹੋਰ ਸਖਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।
ਦੱਸ ਦਈਏ ਕਿ ਸਕੂਲ ਖੁੱਲ੍ਹਣ ਮਗਰੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਤੇ ਹੋਰ ਸਟਾਫ਼ ਦੀ ਕਰੋਨਾ ਜਾਂਚ ਲਈ ਟੈਸਟ ਕੀਤੇ ਜਾ ਰਹੇ ਸਨ। ਸ਼ੁੱਕਰਵਾਰ ਨੂੰ ਸਮਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਵੀ ਸਿਹਤ ਵਿਭਾਗ ਦੀ ਟੀਮ ਨੇ ਪੁੱਜ ਕੇ ਇਥੋਂ ਦੇ ਸਾਰੇ ਸਟਾਫ਼ ਦੇ ਸੈਂਪਲ ਲਏ ਸਨ। ਇਸ ਸਕੂਲ ਵਿੱਚ ਕੁੱਲ 45 ਸਟਾਫ਼ ਮੈਂਬਰ ਹਨ ਤੇ ਤਿੰਨ ਦਿਨ ਬਾਅਦ ਆਈ ਰਿਪੋਰਟ ਵਿੱਚ ਇੱਕ ਅਧਿਆਪਕ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਹਫ਼ੜਾ-ਦਫੜੀ ਫੈਲ ਗਈ।
ਇਹ ਅਧਿਆਪਕ ਸਕੂਲ ਖੁੱਲ੍ਹਣ ਮਗਰੋਂ ਲਗਾਤਾਰ ਸਕੂਲ ਆ ਰਿਹਾ ਸੀ ਤੇ ਇੱਕ ਕਲਾਸ ਦਾ ਇੰਚਾਰਜ ਹੋਣ ਕਾਰਨ ਉਸ ਵੱਲੋਂ ਰਜਿਸ਼ਟ੍ਰੇਸ਼ਨ ਦਾ ਕੰਮ ਕੀਤੇ ਜਾਣ ਕਾਰਨ ਕਈ ਵਿੱਦਿਆਰਥੀ ਵੀ ਉਸ ਦੇ ਸੰਪਰਕ ਵਿੱਚ ਆਉਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਕੂਲ ਨੂੰ ਬੰਦ ਰੱਖਣ ਲਈ ਕਿਹਾ ਗਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਨੇ ਅਗਲੇ ਬੁੱਧਵਾਰ ਤੱਕ ਸਕੂਲ ਨੂੰ ਬੰਦ ਰੱਖਦ ਦੇ ਹੁਕਮ ਦਿੱਤੇ ਹਨ।