ਮਾਨਸਾ, 17 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ):: ਪੰਜਾਬ ਸਰਕਾਰ ਪਿੰਡਾਂ ਦੇ ਬਹੁ ਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਮਾਨਸਾ ਹਲਕੇ ਦੇ ਪਿੰਡਾਂ ਵਿੱਚ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਪ੍ਰਗਟਾਵਾ ਵਿਧਾਇਕ ਸ. ਨਾਜਰ ਸਿੰਘ ਮਾਨਸਾਹੀਆ ਨੇ ਅੱਜ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੌਕੇ ਬਲਾਕ ਮਾਨਸਾ ਤੇ ਬਲਾਕ ਭੀਖੀ ਦੇ ਪਿੰਡਾਂ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦਿਆਂ ਕੀਤਾ। ਸ. ਮਾਨਸਾਹੀਆ ਨੇ ਦੱਸਿਆ ਕਿ ਸਮਾਰਟ ਵਿਲੇਜ ਮੁਹਿੰਮ ਤਹਿਤ ਬਲਾਕ ਮਾਨਸਾ ਦੇ 6 ਪਿੰਡਾਂ ਅਤੇ ਬਲਾਕ ਭੀਖੀ ਦੇ 5 ਪਿੰਡਾਂ ਵਿੱਚ ਮਿਸਾਲੀ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੈਂਬਰ ਲੋਕ ਸਭਾ ਸ਼੍ਰੀ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵਰਚੂਅਲ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਭਰ ਦੇ ਪਿੰਡਾਂ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ ਹੈ ਜਿਸ ਰਾਹੀਂ ਪਿੰਡਾਂ ਦਾ ਕਾਇਆ ਕਲਪ ਹੋਵੇਗਾ।
ਵਿਧਾਇਕ ਵੱਲੋਂ ਅੱਜ ਪਿੰਡ ਉੱਭਾ, ਬੁਰਜ ਹਰੀ, ਖਿਆਲਾ ਕਲਾਂ, ਕੋਟੜਾ ਕਲਾਂ, ਹੀਰੋ ਕਲਾਂ ਅਤੇ ਢੈਪਈ ਵਿਖੇ ਜਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਬਲਾਕ ਮਾਨਸਾ ਦੇ 11 ਪਿੰਡਾਂ ਵਿੱਚ ਸਮਾਰਟ ਵਿਲੇਜ ਮੁਹਿੰਮ ਤਹਿਤ 1 ਕਰੋੜ 7 ਲੱਖ ਤੋਂ ਵੱਧ ਰਾਸ਼ੀ ਦੇ ਵਿਕਾਸ ਕਾਰਜ ਗ੍ਰਾਮ ਪੰਚਾਇਤਾਂ ਦੁਆਰਾ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਿਥੇ ਸ਼ਹਿਰਾਂ ਦਾ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਜਾ ਰਿਹਾ ਹੈ ਉਥੇ ਹੀ ਪਿੰਡਾਂ ਵਿੱਚ ਵੀ ਸਹੂਲਤਾਂ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਨਿਵਾਸੀਆਂ ਦੇ ਰੂਬਰੂ ਹੁੰਦਿਆਂ ਵਿਸ਼ਵਾਸ ਦਿਵਾਇਆ ਕਿ ਪਿੰਡਾਂ ਵਿੱਚ ਸੀਵਰੇਜ, ਜਲ ਸਪਲਾਈ ਤੇ ਸੈਨੀਟੇਸ਼ਨ, ਸਟਰੀਟ ਲਾਈਟਾਂ, ਸੋਲਰ ਲਾਈਟਾਂ, ਪਾਰਕ, ਪੱਕੀਆਂ ਗਲੀਆਂ ਆਦਿ ਜਿਹੇ ਰਹਿੰਦੇ ਵਿਕਾਸ ਕਾਰਜ ਛੇਤੀ ਨਾਲ ਮੁਕੰਮਲ ਕੀਤੇ ਜਾਣਗੇ ਅਤੇ ਸਮਾਰਟ ਵਿਲੇਜ ਮੁਹਿੰਮ ਨੂੰ ਤੇਜ਼ੀ ਨਾਲ ਪੂਰਾ ਕਰਕੇ ਪਿੰਡਾਂ ਦੀ ਦਿੱਖ ਨੂੰ ਸੰਵਾਰਿਆ ਜਾਵੇਗਾ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ ਵੀ ਉਨ੍ਹਾਂ ਦੇ ਨਾਲ ਸਨ।