ਨਵੀਂ ਦਿੱਲੀ 16 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅਕਾਲੀ ਦਲ ਨੇ ਬੀਜੇਪੀ ਨਾਲ ਗਠਜੋੜ ਤੋੜਨ ਤੋਂ ਬਾਅਦ ਅੱਗੇ ਦੀ ਰਣਨੀਤੀ ਸ਼ੁਰੂ ਕਰ ਦਿੱਤੀ ਹੈ। ਕਿਸਾਨੀ ਧਰਨਿਆਂ ਦਰਮਿਆਨ ਅਗਲੇ ਦੋ ਹਫਤਿਆਂ ‘ਚ ਅਕਾਲੀ ਦਲ ਵੱਲੋਂ ਮਹਾਗੱਠਜੋੜ ਦਾ ਐਲਾਨ ਹੋ ਸਕਦਾ ਹੈ। ਅਕਾਲੀ ਦਲ ਵੱਲੋਂ ਦਿੱਲੀ ਵਿੱਚ ਕਈ ਖੇਤਰੀ ਪਾਰਟੀਆਂ ਨਾਲ ਮੁਲਾਕਾਤ ਕੀਤੀ ਗਈ।
ਤਾਲਮੇਲ ਕਮੇਟੀ ਵੱਲੋਂ ਡੀਐਮਕੇ, ਬੀਜੂ ਜਨਤਾ ਦਲ, ਟੀਡੀਪੀ, ਤ੍ਰਿਣਮੂਲ ਕਾਂਗਰਸ, ਇਨੈਲੋ ਤੇ ਐਸਪੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਅਕਾਲੀ ਲੀਡਰ ਪ੍ਰੇਮ ਚੰਦੂਮਾਜਰਾ, ਬਲਵਿੰਦਰ ਭੂੰਦੜ, ਨਰੇਸ਼ ਗੁਜਰਾਲ ਤੇ ਮਨਜਿੰਦਰ ਸਿਰਸਾ ਤਾਲਮੇਲ ਕਮੇਟੀ ਦੇ ਮੈਂਬਰ ਹਨ। ਕਿਸਾਨੀ ਮੁੱਦੇ ਨੂੰ ਲੈ ਕੇ ਇਨ੍ਹਾਂ ਪਾਰਟੀਆਂ ਨੂੰ ਆਪਣੇ ਨਾਲ ਰਲਾਏ ਜਾਣ ਨੂੰ ਲੈ ਕੇ ਗੱਲਬਾਤ ਜਾਰੀ ਹੈ।
ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਕਿਸਾਨੀ ਮੁੱਦਿਆਂ ਦੇ ਨਾਲ-ਨਾਲ ਬਾਅਦ ‘ਚ ਅਕਾਲੀ ਦਲ ਚੋਣਾਂ ਵੀ ਇਕੱਠੇ ਲੜ ਸਕਦਾ ਹੈ। ਪਾਰਟੀ ਵੱਲੋਂ ਜਿਨ੍ਹਾਂ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਉਨ੍ਹਾਂ ‘ਚੋਂ ਕੁਝ ਨੇ ਨਾਲ ਆਉਣ ਦਾ ਵਾਅਦਾ ਵੀ ਕੀਤਾ ਹੈ।