ਪੰਜਾਬ ਸਰਕਾਰ ਵਲੋਂ ਜੇ.ਈ ਅਤੇ ਇੰਜਨੀਅਰਾਂ ਦੀਆਂ ਅਸਾਮੀਆਂ ਸਾਂਝੇ ਇਮਤਿਹਾਨ ਰਾਹੀਂ ਭਰਨ ਦਾ ਫੈਸਲਾ

0
40

ਚੰਡੀਗੜ੍ਹ, 15 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਸਰਕਾਰ ਵਲੋਂ ਸਾਰੇ ਵਿਭਾਗਾਂ/ ਬੋਰਡਾਂ/ ਕਾਰਪੋਰੇਸ਼ਨਾਂ/ ਅਥਾਰਟੀਆਂ ਆਦਿ ਵਿਚ ਜੂਨੀਅਰ ਇੰਜੀਨੀਅਰ (ਜੇ.ਈ.) ਅਤੇ ਇਸ ਤੋਂ ਉਪਰਲੇ ਪੱਧਰ ਦੀਆਂ ਸਾਰੀਆਂ ਇੰਜੀਨੀਅਰਿੰਗ ਅਸਾਮੀਆਂ ਲਈ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਰਾਹੀਂ ਇਕ ਸਾਂਝੇ ਇਮਤਿਹਾਨ ਨਾਲ ਕੀਤੀ ਜਾਵੇਗੀ।

ਪੰਜਾਬ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫੈਸਲਾ ਹਾਲ ਹੀ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਸੀ, ਜਿਸ ਨਾਲ ਇਨ੍ਹਾਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਵਿੱਚ ਇਕਸਾਰਤਾ ਆਵੇਗੀ।

ਰੋਜ਼ਗਾਰ ਉਤਪਤੀ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਨੌਕਰੀ ਦੇ ਚਾਹਵਾਨ ਯੋਗ ਨੌਜਵਾਨਾਂ ਲਈ ਵਧੇਰੇ ਲਾਭਕਾਰੀ ਸਿੱਧ ਹੋਵੇਗਾ ਅਤੇ ਮੌਜੂਦਾ ਸਮੇਂ ਵੱਖ-ਵੱਖ ਏਜੰਸੀਆਂ ਦੇ  ਪੱਧਰਾਂ `ਤੇ ਚਲਾਈ ਜਾ ਰਹੀ ਭਰਤੀ ਪ੍ਰਕਿਰਿਆ ਨੂੰ ਸੁਖਾਲਾ ਬਣਾਏਗਾ। ਇਕੋ ਚੈਨਲ ਅਤੇ ਸਾਂਝੇ ਇਮਤਿਹਾਨ ਰਾਹੀਂ ਭਰਤੀ ਪ੍ਰਕ੍ਰਿਆ ਵਿਚ ਇਕਸਾਰਤਾ ਆਵੇਗੀ ਅਤੇ ਭਰਤੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰੇਗੀ।

ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਨੌਕਰੀ ਤਲਾਸ਼ ਰਹੇ ਯੋਗ ਨੌਜਵਾਨ ਹੁਣ ਆਪਣੀ ਤਿਆਰੀ ਲਈ ਇੱਕੋ ਸਿਲੇਬਸ ‘ਤੇ ਧਿਆਨ ਕੇਂਦਰਤ ਕਰ ਸਕਣਗੇ। ਉਹਨਾਂ ਅੱਗੇ ਕਿਹਾ ਕਿ ਇਸ ਨਾਲ ਬਿਨੈਕਾਰਾਂ ਅਤੇ ਸੂਬੇ `ਤੇ ਵਿੱਤੀ ਬੋਝ ਘਟੇਗਾ ਜਿਸ ਨੂੰ ਵੱਖ-ਵੱਖ ਟੈਸਟ ਕਰਵਾਉਣ ਲਈ ਵਾਧੂ ਵਿੱਤੀ ਬੋਝ ਝੱਲਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ ਪੜਾਅਵਾਰ ਅਤੇ ਸਮਾਂਬੱਧ ਢੰਗ ਨਾਲ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਏਜੰਸੀਆਂ ਵਿੱਚ ਖਾਲੀ ਅਸਾਮੀਆਂ ਭਰਨ ਲਈ ਸੂਬਾ ਰੋਜ਼ਗਾਰ ਯੋਜਨਾ 2020-22 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਰੋਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਇਹ ਭਰਤੀ ਪ੍ਰਕਿਰਿਆ ਨੂੰ ਘਰ ਘਰ ਰੋਜ਼ਗਾਰ ਮਿਸ਼ਨ ਹੇਠ ਲਿਆ ਕੇ ਸੁਖਾਲਾ ਬਣਾਉਣ ਸਬੰਧੀ ਪੰਜਾਬ ਸਰਕਾਰ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਅੱਗੇ  ਕਿਹਾ ਕਿ ਸਰਕਾਰੀ ਅਸਾਮੀਆਂ ਲਈ ਭਰਤੀ ਵਿਚ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਉਣ ਲਈ ਅਜਿਹੇ ਹੋਰ ਕਦਮ ਚੁੱਕੇ ਜਾਣਗੇ। ਇਕੋ ਪ੍ਰੀਖਿਆ ਦਾ ਲਾਭ ਇਹ ਵੀ ਹੋਵੇਗਾ ਕਿ ਇਕੋ ਸਮੇਂ ਵੱਡੀ ਗਿਣਤੀ ਵਿਚ ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾ ਸਕੇਗੀ, ਜਿਸ ਨਾਲ ਸਰਕਾਰੀ ਅਮਲੇ ਦੇ ਯਤਨਾਂ ਅਤੇ ਸਮੇਂ ਦੀ ਬਚਤ ਹੋਵੇਗੀ। ਉਨ੍ਹਾਂ ਅੱਗੇ  ਕਿਹਾ ਕਿ ਇਸ ਨਾਲ ਅਜਿਹੀ ਸਥਿਤੀ ਵੀ ਨਹੀਂ ਬਣੇਗੀ ਜਿੱਥੇ ਇਕੋ ਬਿਨੇਕਾਰ ਕਈ ਅਸਾਮੀਆਂ ਲਈ ਚੁਣਿਆ ਜਾਂਦਾ ਹੈ ਜਿਸ ਨਾਲ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵਿਚ ਬੇਲੋੜੀ ਦੇਰੀ ਹੁੰਦੀ ਹੈ।

————-

LEAVE A REPLY

Please enter your comment!
Please enter your name here