ਚੰਡੀਗੜ੍ਹ, 14 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਮੁਹਈਆ ਕਰਵਾਉਣ ਦੀ ਵਿਧੀ ਨੂੰ ਸੁਖਾਲਾ ਬਣਾ ਦਿੱਤਾ ਹੈ ਜਿਸ ਕਰਕੇ ਵਿਦਿਆਰਥੀਆਂ ਨੂੰ ਹੁਣ ਇਹ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਾਰ ਵਾਰ ਸਕੂਲਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਛੱਡਣ ਦਾ ਸਰਟੀਫਿਕੇਟ ਦੇਣ ਦੀ ਵਿਧੀ ਨੂੰ ਸੁਖਾਲਾ ਬਨਾਉਣ ਲਈ ਵਿਭਾਗ ਨੇ ਇੱਕ ਆਨਲਾਈਨ ਪੋਰਟਲ ਤਿਆਰ ਕੀਤਾ ਹੈ। ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਨਿਰਦੇਸ਼ ਦਿੱਤੇ ਗਏ ਹਨ ਕਿ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਦਾ ਸਪੁਰਡੈਂਟ ਇਸ ਨਵੇਂ ਤਿਆਰ ਕੀਤੇ ਪੋਰਟਲ ‘ਤੇ ਲਾਗ ਇੰਨ ਕਰਕੇ ਸਕੂਲ ਤੋਂ ਆਨ ਲਾਈਨ ਪ੍ਰਾਪਤ ਟ੍ਰਾਂਸਫਰ ਸਰਟੀਫਿਕੇਟ ਦੀ ਕਾਪੀ ਦਾ ਪਿੰਟ ਲੈ ਕੇ ਦੋ ਘੰਟੇ ਦੇ ਅੰਦਰ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਹਸਤਾਖਰ ਕਰਵਾ ਕੇ ਸਬੰਧਿਤ ਨੂੰ ਦੇਵੇਗਾ। ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਵਿੱਚ ਮੌਜ਼ੂਦ ਨਾ ਹੋਣ ਦੀ ਸੂਰਤ ਵਿੱਚ ਉਸ ਦੇ ਆਉਣ ਤੋਂ ਬਾਅਦ ਤਰੁੰਤ ਬਾਅਦ ਇਸ ਨੂੰ ਜਾਰੀ ਕਰਵਾਉਣਗੇ। ਬੁਲਾਰੇ ਅੁਸਾਰ ਸੁਪਰਡੈਂਟ ਦੇ ਦਫਤਰ ਵਿੱਚ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਉਸ ਦੀ ਜ਼ਿਮੇਂਵਾਰੀ ਦਫਤਰ ਵਿੱਚ ਹਾਜ਼ਰ ਸੀਨੀਅਰ ਕਰਮਚਾਰੀ ਨਿਭਾਏਗਾ।
ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੋਰਟਲ ‘ਤੇ ਸਰਟੀਫਿਕੇਟ ਅਪਲੋਡ ਕਰਨ ਤੋਂ ਪਹਿਲਾਂ ਸਬੰਧਿਤ ਵਿਦਿਆਰਥੀ ਦੇ ਵੇਰਵਿਆਂ ਦਾ ਮਿਲਾਨ ਚੰਗੀ ਤਰ੍ਹਾਂ ਸਕੂਲ ਦੇ ਦਾਖਲਾ ਖਾਰਜ ਰਜਿਸਟਰ ਨਾਲ ਕਰਨ। ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਇਸ ਸਬੰਧ ਵਿੱਚ ਕਿਸੇ ਵੀ ਸਕੂਲ ਦਾ ਰਿਕਾਰਡ ਦਫਤਰ ਵਿੱਚ ਨਾ ਮੰਗਵਾਉਣ ਅਤੇ ਨਾ ਹੀ ਇਸ ਮੰਤਵ ਲਈ ਕੋਈ ਅਧਿਆਪਕ/ਕਰਮਚਾਰੀ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਵਿੱਚ ਸੱਦਿਆ ਜਾਵੇਗਾ।
———–