ਅੰਮ੍ਰਿਤਸਰ 14 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਜਾਰੀ ਹੈ। ਪੰਜਾਬ ਦੇ ਕਿਸਾਨ ਰੇਲ ਪਟੜੀਆਂ ‘ਤੇ ਪਿਛਲੇ 20 ਦਿਨ ਤੋਂ ਡਟੇ ਹੋਏ ਹਨ। ਅਜਿਹੇ ‘ਚ ਮੰਗਲਵਾਰ ਦੇਵੀਦਾਸਪੁਰਾ ‘ਚ ਰੇਲਵੇ ਟ੍ਰੈਕ ‘ਤੇ ਟ੍ਰੈਕਟਰ ਖੜੇ ਕਰਕੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਅੰਦੋਲਨ ‘ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਮਹਾਂਸਕੱਤਰ ਪੰਧੇਰ ਨੇ ਕਿਹਾ ਸਾਡੀ ਜਥੇਬੰਦੀ 14 ਅਕਤੂਬਰ ਨੂੰ ਕੇਂਦਰ ਸਰਕਾਰ ਦੀ ਬੈਠਕ ‘ਚ ਸ਼ਾਮਲ ਨਹੀਂ ਹੋਵੇਗੀ। ਹਾਲਾਂਕਿ ਉਨ੍ਹਾਂ ਇਸ ਬੈਠਕ ‘ਚ ਸ਼ਾਮਲ ਹੋਣ ਵਾਲੀਆਂ ਜਥੇਬੰਦੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਉਹ ਇਸ ਬੈਠਕ ‘ਚ ਕਿਸਾਨਾਂ ਲਈ ਕੋਈ ਠੋਸ ਹੱਲ ਲੈਕੇ ਪਰਤਣਗੇ।