ਬਰਨਾਲਾ 14 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਖ਼ਿਲਾਫ਼ ਬਲੈਕਮੇਲ ਕਰਨ ਦਾ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਧਨੌਲਾ ਸਰਕਲ ਦੇ ਜਥੇਦਾਰ, ਉਸ ਦੇ ਸਾਥੀ ਤੇ ਪਾਰਟੀ ਨਾਲ ਸਬੰਧਤ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਵਿੰਗ ਦੀ ਪ੍ਰਧਾਨ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਬੋਗਰਾ ਦੇ ਵਸਨੀਕ ਸੁਖਜੀਤ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ 25 ਅਗਸਤ ਨੂੰ ਧਨੌਲਾ ਦੇ ਵਸਨੀਕ ਮੱਖਣ ਸਿੰਘ ਤੇ ਗੌਰਵ ਕੁਮਾਰ, ਪਰਮਿੰਦਰ ਕੌਰ ਵਾਸੀ ਚੀਮਾ, ਪਰਮਜੀਤ ਕੌਰ ਵਿਰਕ ਵਾਸੀ ਸੰਗਰੂਰ ਨੇ ਗੁਰਵਿੰਦਰ ਕੌਰ ਨਾਮੀ ਔਰਤ ਤੋਂ ਫੋਨ ਕਰਵਾ ਕੇ ਆਪ ਹੀ ਪਾਰਟੀ ਦੇ ਇੱਕ ਆਗੂ ਨੂੰ ਹੰਡਿਆਇਆ ‘ਚ ਪਾਰਟੀ ਦੇ ਕੰਮ ਸਬੰਧੀ ਬੁਲਾਇਆ ਸੀ।
ਇਸ ਤੋਂ ਬਾਅਦ ਉਸ ਦੇ ਹੰਡਿਆਇਆ ਪਹੁੰਚਣ ’ਤੇ ਉਸ ਨੂੰ ਕਿਸੇ ਔਰਤ ਦੇ ਘਰ ਲੈ ਗਏ। ਜਿੱਥੇ ਉਸ ਦੇ ਕੱਪੜੇ ਉਤਾਰ ਕੇ ਉਸ ਦੀਆਂ ਕਿਸੇ ਔਰਤ ਨਾਲ ਫੋਟੋਆਂ ਖਿੱਚੀਆਂ ਤੇ ਵੀਡੀਓ ਬਣਾਈ ਗਈ। ਇਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰ ਕੇ 10 ਲੱਖ ਰੁਪਏ ਦੀ ਮੰਗ ਕੀਤੀ। ਮੁਲਜ਼ਮਾਂ ਨੇ ਉਸ ਦੀ ਜੇਬ ‘ਚੋਂ 20 ਹਜ਼ਾਰ ਰੁਪਏ ਕੱਢ ਲਏ।
ਸ਼ਿਕਾਇਤ ਮੁਤਾਬਕ ਧੱਕੇ ਨਾਲ ਉਸ ਦੀ ਗੱਡੀ ਖੋਹ ਲਈ ਗਈ। ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਮਹਿਲਾ ਵਿੰਗ ਸੰਗਰੂਰ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਵਿਰਕ, ਜਥੇਦਾਰ ਮੱਖਣ ਸਿੰਘ ਧਨੌਲਾ, ਗੌਰਵ ਕੁਮਾਰ, ਪਰਮਿੰਦਰ ਕੌਰ ਤੇ ਗੁਰਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।