ਚੰਡੀਗੜ੍ਹ 11 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਹੁਣ ਕੈਪਟਨ ਸਰਕਾਰ ਵੀ ਚਹੁੰਦੀ ਹੈ ਕਿ ਕਿਸਾਨ ਆਪਣੇ ਅੰਦੋਲਨ ਨੂੰ ਜਲਦ ਤੋਂ ਜਲਦ ਸਮੇਟ ਲੈਣ। ਪੰਜਾਬ ਸਰਕਾਰ ਨੇ ਪਹਿਲਾਂ ਕਿਸਾਨਾਂ ਦੇ ਅੰਦੋਲਨ ਨੂੰ ਹਮਾਇਤ ਦਿੱਤੀ ਸੀ। ਹੁਣ ਕਿਸਾਨ ਸੰਘਰਸ਼ ਦਿਨ-ਬ-ਦਿਨ ਤੇਜ਼ ਹੁੰਦਾ ਵੇਖ ਕੈਪਟਨ ਵੀ ਫਿਕਰਮੰਦ ਨਜ਼ਰ ਆ ਰਹੇ ਹਨ। ਕੈਪਟਨ ਦਾ ਕਹਿਣਾ ਹੈ ਰੇਲਵੇ ਆਵਾਜਾਈ ਠੱਪ ਹੋਣ ਕਰਕੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਰੁਕ ਗਈ ਹੈ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਯੂਨੀਅਨਾਂ ਵੱਲੋਂ ਕਿਸਾਨਾਂ ਦੀ ਲਾਮਬੰਦੀ ਸਿਆਸੀ ਪਾਰਟੀਆਂ ਨੂੰ ਪ੍ਰੇਸ਼ਾਨ ਕਰਨ ਲੱਗੀ ਹੈ।
ਕੈਪਟਨ ਸਰਕਾਰ ਵੱਲੋਂ ਕਿਸਾਨ ਯੂਨੀਅਨਾਂ ਨੂੰ ਵਾਰ-ਵਾਰ ਰੇਲਵੇ ਆਵਾਜਾਈ ਖੋਲ੍ਹਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਕਿਸਾਨ ਆਪਣੇ ਪ੍ਰੋਗਰਾਮ ਮੁਤਾਬਕ ਡਟੇ ਹੋਏ ਹਨ। ਪੰਜਾਬ ਸਰਕਾਰ ਨੇ ਆਪਣੀ ਚਾਲ ਚੱਲਦਿਆਂ ਦਾਅਵਾ ਕੀਤਾ ਹੈ ਕਿ ਰੇਲਵੇ ਆਵਾਜਾਈ ਰੁਕਣ ਕਰਕੇ ਸੂਬੇ ਵਿੱਚ ਪਾਵਰ ਪਲਾਂਟਾਂ ਲਈ ਕੋਲੇ ਤੇ ਕਣਕ ਦੀ ਬਿਜਾਈ ਲਈ ਖਾਦਾਂ ਦੀ ਕਿੱਲਤ ਆ ਰਹੀ ਹੈ। ਇਸ ਤੋਂ ਇਲਾਵਾ ਬਾਰਦਾਨਾ ਤੇ ਡੀਜ਼ਲ ਵੀ ਸੂਬੇ ਵਿੱਚ ਨਹੀਂ ਆ ਰਿਹਾ। ਕੈਪਟਨ ਸਰਕਾਰ ਨੇ ਇਹ ਵੀ ਡਰਾਵਾ ਦਿੱਤਾ ਹੈ ਕਿ ਗੁਦਾਮਾਂ ਵਿੱਚੋਂ ਆਨਾਜ ਦੀ ਚੁਕਾਈ ਨਾ ਹੋਣ ਕਰਕੇ ਅਗਲੇ ਦਿਨਾਂ ਵਿੱਚ ਝੋਨੇ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ।
ਦੂਜੇ ਪਾਸੇ ਕਿਸਾਨ ਯੂਨੀਅਨਾਂ ਨੇ ਕੈਪਟਨ ਸਰਕਾਰ ‘ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਇਲਜ਼ਾਮ ਲਾਇਆ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਆਖਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਖਾਦਾਂ ਤੇ ਕੋਲੇ ਦੀ ਘਾਟ ਦਾ ਫਜ਼ੂਲ ਰੌਲਾ-ਰੱਪਾ ਪਾ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਨੈਸ਼ਨਲ ਗਰਿੱਡ ਵਿੱਚ ਸ਼ਾਮਲ ਹੈ। ਇਸ ਲਈ ਜੇਕਰ ਪੰਜਾਬ ਦੇ ਸਾਰੇ ਪਾਵਰ ਗਰਿੱਡ ਵੀ ਫੇਲ੍ਹ ਹੋ ਜਾਣ ਤਾਂ ਵੀ ਨੈਸ਼ਨਲ ਗਰਿੱਡ ਵਿੱਚੋਂ ਬਿਜਲੀ ਸਪਲਾਈ ਪੰਜਾਬ ਦੀ ਬਿਜਲੀ ਨਾਲੋਂ ਸਸਤੀ ਤੇ ਹਰ ਵੇਲੇ ਉਪਲਬਧ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਦੋ ਘੰਟੇ ਰੋਜ਼ਾਨਾ ਕਰਕੇ ਕਿਸਾਨਾਂ ਵਿੱਚ ਕਿਸਾਨ ਅੰਦੋਲਨ ਵਿਰੁੱਧ ਰੋਸ ਪ੍ਰਗਟ ਕਰਨ ਤੇ ਉਨ੍ਹਾਂ ਨੂੰ ਭੜਕਾਉਣ ਲਈ ਜਾਣਬੁੱਝ ਕੇ ਇਹ ਕੰਮ ਕੀਤਾ ਹੈ। ਜੇਕਰ ਕੋਵਿਡ-19 ਦੌਰਾਨ ਜਦੋਂ ਦੋ ਮਹੀਨੇ ਤੋਂ ਵੀ ਵੱਧ ਸਮਾਂ ਰੇਲਾਂ ਮੁਕੰਮਲ ਬੰਦ ਰਹੀਆਂ ਤਾਂ ਕੀ ਉਸ ਵੇਲੇ ਕੋਲਾ ਸਰਕਾਰ ਨੇ ਪਹਿਲਾਂ ਤੋਂ ਸਟਾਕ ਕਰਕੇ ਰੱਖਿਆ ਹੋਇਆ ਸੀ? ਪੰਜਾਬ ਸਰਕਾਰ ਕੇਂਦਰ ਦੇ ਦਬਾਅ ਹੇਠ ਕਿਸਾਨ ਅੰਦੋਲਨ ਨੂੰ ਸੱਟ ਮਾਰਨਾ ਚਾਹੁੰਦੀ ਹੈ।
ਇਸੇ ਤਰ੍ਹਾਂ ਪੰਜਾਬ ਸਰਕਾਰ ਕਿਸਾਨਾਂ ਵਿੱਚ ਭੁਲੇਖਾ ਪੈਦਾ ਕਰ ਰਹੀ ਹੈ ਕਿ ਜੇ ਰੇਲਾਂ ਦੀ ਆਵਾਜਾਈ ਇਸੇ ਤਰ੍ਹਾਂ ਬੰਦ ਰਹੀ ਤਾਂ ਖਾਦਾਂ ਦੀ ਸਪਲਾਈ ਨਹੀਂ ਆਵੇਗੀ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ। ਰਾਜੇਵਾਲ ਨੇ ਪੁੱਛਿਆ ਕਿ ਖਾਦਾਂ ਦੀ ਸਪਲਾਈ ਲਈ ਸਾਰਾ ਸਾਲ ਰੇਲ ਗੱਡੀਆਂ ਦੇ ਰੈਕ ਲੱਗਦੇ ਰਹਿੰਦੇ ਹਨ। ਕੀ 10 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੇ ਹੀ ਖਾਦ ਸਪਲਾਈ ਵਿੱਚ ਵਿਘਨ ਪਾਇਆ ਹੈ? ਉਨ੍ਹਾਂ ਕਿਹਾ ਕਿ ਰੇਲ ਰੋਕੋ ਅੰਦੋਲਨ ਤੋਂ ਅਰਥਾਤ ਪਹਿਲੀ ਅਕਤੂਬਰ ਤੋਂ ਪਹਿਲਾਂ ਪੰਜਾਬ ਵਿੱਚ ਪਹੁੰਚੀ ਖਾਦ ਗੁਦਾਮਾਂ ਵਿੱਚ ਕਿਉਂ ਘੁੱਟ ਕੇ ਰੱਖੀ ਹੋਈ ਹੈ। ਇਹ ਕੇਵਲ ਕਿਸਾਨਾਂ ਵਿੱਚ ਘਬਰਾਹਟ ਤੇ ਅੰਦੋਲਨ ਲਈ ਰੋਸ ਪੈਦਾ ਕਰਨ ਦੀ ਸਾਜਿਸ਼ ਅਧੀਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਕਿਸਾਨਾਂ ਨਾਲ ਹਮਦਰਦੀ ਦਾ ਢੌਂਗ ਰਚਾ ਰਹੀ ਹੈ ਦੂਜੇ ਪਾਸੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕਿਸਾਨਾਂ ਵਿੱਚ ਗਲਤ ਬਿਆਨੀ ਕਰਕੇ ਅੰਦੋਲਨ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਇਹ ਕਹਿ ਕੇ ਪਿੱਛਾ ਛੁਡਾਉਣਾ ਚਾਹੁੰਦੀ ਹੈ ਕਿ ਪਾਰਲੀਮੈਂਟ ਦੇ ਕਾਨੂੰਨ ਪਾਸ ਕਰਨ ਤੋਂ ਬਾਅਦ ਉਨ੍ਹਾਂ ਲਈ ਕਾਨੂੰਨੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।