ਮਾਨਸਾ, 9 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ): ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਜਿਸ ਕਾਰਨ ਵਧੇਰੇ ਖਾਦਾਂ ਦੀ ਜ਼ਰੂਰਤ ਪੈਂਦੀ ਹੈ। ਅੱਗ ਲਾਉਣ ਨਾਲ ਜ਼ਮੀਨ ਵਿਚਲੇ ਮਿੱਤਰ ਕੀੜੇ ਖ਼ਾਸ ਕਰਕੇ ਗੰਡੋਏ ਆਦਿ ਵੀ ਮਰ ਜਾਂਦੇ ਹਨ ਜਿਨਾਂ ਕਰਕੇ ਖੇਤਾਂ ਦੀ ਉਪਰਲੀ ਸਤ੍ਹਾ ਸਖ਼ਤ ਹੋ ਜਾਂਦੀ ਹੈ। ਅਜਿਹੇ ਸਮੇਂ ਸੁਪਰ ਸੀਡਰ ਦੀ ਵਰਤੋਂ ਕਿਸਾਨ ਵੀਰਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਅਤੇ ਜ਼ਿਲ੍ਹਾ ਮਾਨਸਾ ਵਿੱਚ ਵੱਡੀ ਗਿਣਤੀ ਅਗਾਂਹਵਧੂ ਕਿਸਾਨ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਲਈ ਅੱਗੇ ਆਏ ਹਨ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਪ੍ਰੀਤ ਕੌਰ ਸੰਧੂ ਨੇ ਪਿੰਡ ਨੰਗਲ ਕਲਾਂ ਵਿਖੇ ਕਿਸਾਨ ਗੁਰਮੇਲ ਸਿੰਘ ਦੇ ਖੇਤ ਵਿੱਚ ਸੁਪਰ ਸੀਡਰ ਦੇ ਟਰਾਇਲ ਦੇਖਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕਰੀਬ 1 ਲੱਖ 78 ਹਜ਼ਾਰ ਹੈਕਟੇਅਰ ਰਕਬਾ ਕਣਕ ਅਧੀਨ ਹੁੰਦਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿਲ੍ਹੇ ਦੇ ਕਰੀਬ 30 ਤੋਂ 35 ਪ੍ਰਤੀਸ਼ਤ ਕਿਸਾਨ ਸੁਪਰ ਸੀਡਰ ਦੀ ਵਰਤੋਂ ਕਰਨਗੇ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਲਈ 50 ਫੀਸਦੀ ਸਬਸਿਡੀ ’ਤੇ
ਆਧੁਨਿਕ ਸੰਦ ਮੁਹੱਈਆ ਕਰਵਾਏ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਮਿੱਟੀ ਵਿਚ ਨਿਪਟਾਰੇ ਲਈ ਕਿਸਾਨਾਂ ਨੂੰ ਸਬਸਿਡੀ ’ਤੇ ਆਧੁਨਿਕ ਸੰਦ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਸਿੱਧੀ ਬਿਜਾਈ ਕਰਕੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਜ਼ਿਲਾ ਪੱਧਰ ’ਤੇ ਡਰਾਅ ਕੱਢ ਕੇ ਕਿਸਾਨਾਂ ਨੂੰ ਵਿਅਕਤੀਗਤ ਅਤੇ ਗਰੁੱਪ ਦੇ ਪੱਧਰ ਉੱਤੇ ਪੂਰੇ ਪਾਰਦਰਸ਼ੀ ਢੰਗ ਨਾਲ ਸਬਸਿਡੀ ਮੁਹੱਈਆ ਕਰਵਾਈ ਗਈ ਹੈ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਬਸਿਡੀ ’ਤੇ ਮਿਲੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਨੂੰ ਤਰਜੀਹ ਦੇਣ। ਇਸ ਮੌਕੇ ਉਨ੍ਹਾਂ ਮੌਕੇ ਉੱਤੇ ਮੌਜੂਦ ਵੱਡੀ ਗਿਣਤੀ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ, ਸੁਰੇਸ਼ ਕੁਮਾਰ, ਇੰਜ ਪ੍ਰਭਦੀਪ ਸਿੰਘ, ਪ੍ਰਦੀਪ ਸਿੰਘ, ਨਰਿੰਦਰ ਸਿੰਘ, ਹਰਚੇਤ ਸਿੰਘ, ਰਜਿੰਦਰ ਕੁਮਾਰ ਵੀ ਹਾਜ਼ਰ ਸਨ।