ਮਾਨਸਾ, 8 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਵਿਡ ਤੋਂ ਬਚਾਅ ਦੇ ਪ੍ਰਬੰਧਾਂ ਬਾਰੇ ਜਾਇਜ਼ਾ ਲੈਂਦਿਆਂ ਆਖਿਆ ਕਿ ਮਿਸ਼ਨ ਫ਼ਤਿਹ ਤਹਿਤ ਸਿਹਤ ਸਾਵਧਾਨੀਆਂ ਦੀ ਵਰਤੋਂ ਹਾਲੇ ਵੀ ਬੇਹੱਦ ਜ਼ਰੂਰੀ ਹੈ ਅਤੇ ਆਮ ਲੋਕ ਵੀ ਇਸ ਪ੍ਰਤੀ ਵਧੇਰੇ ਚੌਕਸੀ ਰੱਖਣ ਕਿਉਂ ਜੋ ਕੋਰੋਨਾ ਤੋਂ ਬਚਾਅ ਲਈ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾ ਅਤੇ ਸਮਾਜਿਕ ਦੂਰੀ ਜਿਹੀਆਂ ਸਲਾਹਾਂ ਦੀ ਪਾਲਣਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਸਿਰਫ਼ ਸਰਕਾਰੀ ਮੁਹਿੰਮ ਨਹੀਂ ਹੈ ਬਲਕਿ ਇਹ ਇੱਕ ਲੋਕ ਲਹਿਰ ਹੈ ਜਿਸ ਤਹਿਤ ਆਪਾਂ ਆਪਣੇ ਸਮਾਜ ਨੂੰ ਆਪਣੇ ਪਰਿਵਾਰਾਂ ਨੂੰ ਤੰਦਰੁਸਤ ਰੱਖਣਾ ਹੈ ਅਤੇ ਸਿਹਤ ਸਲਾਹਾਂ ਦੀ ਇੰਨ ਬਿੰਨ ਪਾਲਣਾ ਕਰਨੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ, ਗਰਭਵਤੀ ਔਰਤਾਂ ਤੇ ਬਜ਼ੁਰਗਾਂ ਦੀ ਵਿਸ਼ੇਸ ਦੇਖਭਾਲ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਹਰ ਉਮਰ ਵਰਗ ਦਾ ਧਿਆਨ ਰੱਖਣਾ ਅਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਮਿਸ਼ਨ ਫ਼ਤਿਹ ਦੇ ਟੀਚਿਆਂ ਵਿੱਚ ਸ਼ਾਮਲ ਹੈ। ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਸਮੂਹ ਸਰਕਾਰੀ ਹਸਪਤਾਲਾਂ ਦੇ ਸਟਾਫ਼ ਦੁਆਰਾ ਕੀਤੇ ਜਾ ਰਹੇ ਕੋਰੋਨਾ ਟੈਸਟਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਟੀਚੇ ਮੁਤਾਬਕ ਸੈਂਪਲ ਇਕੱਤਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਅੱਜ ਵੀ ਜ਼ਿਲ੍ਹੇ ਵਿੱਚ 622 ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ 16 ਨਾਗਰਿਕ ਪਾਜ਼ੀਟਿਵ ਪਾਏ ਗਏ ਹਨ ਜਦਕਿ 18 ਕੋਰੋਨਾ ਨੂੰ ਮਾਤ ਦੇਣ ਵਿੱਚ ਸਫ਼ਲ ਹੋਏ ਹਨ। ਉਨ੍ਹਾਂ ਦੱਸਿਆ ਕਿ ਓ.ਪੀ.ਡੀ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕ ਸਵੈ ਇੱਛਾ ਨਾਲ ਟੈਸਟ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 33 ਹਜ਼ਾਰ 967 ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚੋਂ 1718 ਪਾਜੀਟਿਵ ਪਾਏ ਗਏ ਅਤੇ ਪਾਜ਼ੀਟਿਵ ਵਿਅਕਤੀਆਂ ਵਿੱਚੋਂ 1490 ਰਿਕਵਰ ਹੋ ਕੇ ਘਰਾਂ ਵਿੱਚ ਪਰਤ ਚੁੱਕੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 195 ਕੇਸ ਐਕਟਿਵ ਹਨ।