ਬੁਢਲਾਡਾ 1 ਅਕਤੂਬਰ (ਅਮਨ ਮਹਿਤਾ, ਅਮਿੱਤ ਜਿੰਦਲ) ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਉੱਤਰ ਪ੍ਰਦੇਸ਼ ਦੇ ਹਾਥਰਸ ਦੀ 19 ਸਾਲਾਂ ਦਲਿਤ ਲੜਕੀ ਮਨੀਸ਼ਾ ਦੇ ਬਲਾਤਕਾਰ ਕਰਨ ਤੋਂ ਬਾਅਦ ਕੀਤੇ ਕਤਲ ਦੀ ਦਿਲ ਕੰਬਾਊ ਘਟਨਾ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਫਾਂਸੀ ਦੀ ਸਜ਼ਾ ਦੇਣ ਮੰਗ ਕੀਤੀ ਹੈ। ਸੰਸਥਾ ਦੇ ਚੇਅਰਮੈਨ ਸਤਪਾਲ ਸਿੰਘ ਕਟੌਦੀਆ , ਪ੍ਰਧਾਨ ਪ੍ਰੇਮ ਸਿੰਘ ਦੋਦੜਾ ਅਤੇ ਜਰਨਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਇਸ ਲੜਕੀ ਨੂੰ ਉਸ ਸਮੇਂ ਚਾਰ ਗੁੰਡਿਆਂ ਨੇ ਚੁੱਕ ਲਿਆ ਜਦੋਂ ਉਹ ਆਪਣੀ ਮਾਤਾ ਨਾਲ ਖੇਤਾਂ ਵਿੱਚ ਹਰਾ-ਚਾਰਾ ਲੈਣ ਗਈ ਸੀ , ਪਹਿਲਾਂ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਉਕਤ ਲੜਕੀ ਦੀ ਜੀਭ ਕੱਟ ਦਿੱਤੀ ਅਤੇ ਰੀੜ ਦੀ ਹੱਡੀ ਤੋੜ ਦਿੱਤੀ , ਇਸ ਲੜਕੀ ਮਨੀਸ਼ਾ ਨੂੰ ਮਰੀ ਸਮਝ ਕੇ ਇਹ ਗੁੰਡੇ ਭੱਜ ਗਏ । ਉੱਤਰ ਪ੍ਰਦੇਸ਼ ਦੀ ਪੁਲੀਸ ਨੇ ਕਈ ਦਿਨ ਐਫ।ਆਈ।ਆਰ। ਹੀ ਦਰਜ ਨਹੀਂ ਕੀਤੀ । ਦਲਿਤ ਲੜਕੀ ਮਨੀਸ਼ਾ ਦੀ ਸਫਦਰਜੰਗ ਹਸਪਤਾਲ ਨਵੀਂ ਦਿੱਲੀ ਵਿਖੇ ਕਈ ਦਿਨ ਜਿੰਦਗੀ ਅਤੇ ਮੌਤ ਦੀ ਚੱਲੀ ਜੰਗ ਵਿੱਚ ਆਖਰ ਮਨੀਸ਼ਾ ਮੌਤ ਹੱਥੋਂ ਹਾਰ ਗਈ। ਪੁਲਿਸ ਅਤੇ ਯੋਗੀ ਸਰਕਾਰ ਦੀ ਗੁੰਡਿਆਂ ਨੂੰ ਸ਼ਹਿ ਅਤੇ ਪੁਸ਼ਤਪਨਾਹੀ ਦੀ ਮਿਸਾਲ ਇਸ ਤੋਂ ਮਿਲਦੀ ਹੈ ਕਿ ਮ੍ਤਿਕ ਲੜਕੀ ਮਨੀਸ਼ਾ ਦਾ ਉਸਦੇ ਘਰਦਿਆਂ ਦੀ ਰਜਾਮੰਦੀ ਤੋਂ ਬਿਨਾਂ ਰਾਤ ਨੂੰ ਹੀ ਧੱਕੇ ਨਾਲ ਸੰਸਕਾਰ ਕਰ ਦਿੱਤਾ । ਨਗਰ ਸੁਧਾਰ ਸਭਾ ਬੁਢਲਾਡਾ ਉੱਤਰ ਪ੍ਰਦੇਸ਼ ਦੀ ਪੁਲਿਸ ਅਤੇ ਯੋਗੀ ਸਰਕਾਰ ਦੀ ਇਸ ਕਰਤੂਤ ਦੀ ਘੋਰ ਨਿੰਦਾ ਕਰਦੀ ਹੈ ਅਤੇ ਦੋਸ਼ੀ ਦਰਿੰਦਿਆਂ ਨੂੰ ਤੁਰੰਤ ਫਾਹੇ ਲਾਉਣ ਦੀ ਮੰਗ ਕਰਦੀ ਹੈ।