ਚੰਡੀਗੜ, 22 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ):ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਟੀਮ ਨੇ ਬਠਿੰਡਾ ਵਿਖੇ ਬਣਾਏ ਜਾ ਰਹੇ ਵੱਡੇ ਫਾਰਮਾ ਪਾਰਕ ਲਈ ਉਦਯੋਗਪਤੀਆਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ। ਇਸ ਮੌਕੇ ਕੀਤੇ ਗਏ ਸਲਾਹ-ਮਸ਼ਵਰੇ ਦੌਰਾਨ ਉਦਯੋਗਿਕ ਖੇਤਰ ਦੇ ਵੱਡੇ ਨਿਵੇਸ਼ਕਾਰਾਂ ਅਤੇ ਅਕਾਦਮਿਕ ਆਗੂਆਂ ਨਾਲ ਰਣਨੀਤਕ ਵਿਚਾਰ ਵਟਾਂਦਰੇ ਦੌਰਾਨ ਭਰਵਾਂ ਹੁੰਗਾਰਾ ਮਿਲਿਆ ਹੈ।ਵੈਬਿਨਾਰ ਵਿਚ ਭਾਰਤ ਭਰ (ਪੰਜਾਬ ਸਮੇਤ) ਅਤੇ ਯੂ.ਐਸ.ਏ ਦੇ 50 ਤੋਂ ਵੱਧ ਉੱਘੇ ਫਾਰਮਾ ਉਦਯੋਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ । ਇਨਾਂ ਵਿਚ ਡਾ: ਰੈਡੀਜ਼, ਡਿਵਿਸ ਲੈਬਜ਼, ਆਈ.ਓ.ਐਲ ਕੈਮੀਕਲ, ਸਨ ਫਾਰਮਾ, ਨੈਕਟਰ ਲਾਈਫਸਾਇੰਸਸ, ਅਨੁਪਮ ਰਸਾਇਣ, ਸੀਕਿਉਐਂਟ ਸਾਇੰਟੀਫਿਕ, ਏਐਮਆਈ ਲਾਈਫਸਾਇੰਸਸ, ਸੌਰਵ ਕੈਮੀਕਲਜ਼ ਆਦਿ ਸ਼ਾਮਲ ਹੋਏ। ਇਸ ਸੈਸ਼ਨ ਵਿਚ ਯ.ੂਐਨ.ਆਈ .ਡੀ. ਓ, ਐਨ.ਸੀ.ਐਲ, ਸੀ.ਐਸ.ਆਈ.ਆਰ, ਫਾਰਮਾ ਐਕਸਿਲ ਵਰਗੇ ਹੋਰ ਸਾਂਝੇਦਾਰ ਵੀ ਸ਼ਾਮਲ ਹੋਏ। ਸੈਸ਼ਨ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਫਾਰਮਾਸੂਟੀਕਲ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਨਵਦੀਪ ਰਿਨਵਾ ਵਲੋਂ ਭਾਰਤ ਸਰਕਾਰ ਦੀ “ਥੋਕ ਡਰੱਗ ਪਾਰਕਾਂ” ਨੂੰ ਉਤਸ਼ਾਹਿਤ ਕਰਨ ਸਬੰਧੀ ਚਲਾਈ ਸਕੀਮ ਬਾਰੇ ਜਾਣਕਾਰੀ ਨਾਲ ਕੀਤੀ ਗਈ। ਇਸ ਉੱਚ ਪੱਧਰੀ ਗੱਲਬਾਤ ਵਿੱਚ ਇਨਵੈਸਟ ਪੰਜਾਬ ਅਤੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਵਿਸ਼ੇਸ਼ ਕਰਕੇ ਫਾਰਮਾ ਇਕਾਈਆਂ ਲਈ ਪੰਜਾਬ ਨੂੰ ਇੱਕ ਤਰਜੀਹੀ ਨਿਵੇਸ਼ ਸਥਾਨ ਵਜੋਂ ਦਰਸਾਉਣ ਹਿੱਤ ਪੰਜਾਬ ਵਿੱਚ ਨਿੇਵਸ਼ ਦੇ ਫਾਇਦਿਆਂ ਬਾਰੇ ਇੱਕ ਸੰਖੇਪ ਝਾਤ ਪਾਉਣ ਤੋਂ ਇਲਾਵਾ ਬਠਿੰਡਾ ਵਿਖੇ ਲਗਭਗ 1300 ਏਕੜ ਰਕਬੇ ਵਿੱਚ ਬਣਨ ਜਾ ਰਹੇ ‘ਥੋਕ ਡਰੱਗਜ਼ ਪਾਰਕ’ ਸਬੰਧੀ ਉਦਯੋਗਪਤੀਆਂ ਨੂੰ ਜਾਣਕਾਰੀ ਦੇਣ ’ਤੇ ਮੁੱਖ ਜ਼ੋਰ ਦਿੱਤਾ ਗਿਆ।ਇਸ ਮੀਟਿੰਗ ਨੇ ਪੰਜਾਬ ਵਿੱਚ ਫਾਰਮਾ ਇਕਾਈਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਸੂਬਾ ਸਰਕਾਰ ਦੇ ਵੱਡੇ ਡਰੱਗਜ਼ ਪਾਰਕ ਸਬੰਧੀ ਪ੍ਰਸਤਾਵ ‘ਤੇ ਉਦਯੋਗਿਕ ਫੀਡਬੈਕ ਲੈਣ ਲਈ ਇਕ ਮੰਚ ਦਾ ਕੰਮ ਕੀਤਾ । ਸੂਬੇ ਦੇ ਨਿਵੇਸ਼ਕਾਂ ਲਈ ਢੁਕਵਾਂ ਮਾਹੌਲ ਸਿਰਜਣ ਲਈ ਕੀਤੇ ਅਗਾਂਹਵਧੂ ਸੁਧਾਰਾਂ ਅਤੇ ਪਹਿਲਕਦਮੀਆਂ ਲਈ ਉਦਯੋਗਪਤੀਆਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਉਨਾਂ ਫਾਰਮਾ ਪਾਰਕ ਬਣਾਉਣ ਲਈ ਉਸਾਰੂ ਰਵੱਈਆ ਅਤੇ ਨਵੀਨਤਮ ਪਹੁੰਚ ਅਪਣਾਉਣ ਲਈ ਵੀ ਸੂਬਾ ਸਰਕਾਰ ਦੀ ਪ੍ਰਸੰਸ਼ਾ ਕੀਤੀ ।ਇਸੇ ਦੌਰਾਨ ਸੂਬੇ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਰਕਾਰ ਅਤੇ ਉਦਯੋਗਾਂ ਦੇ ਡੂੰਘੇ ਸਬੰਧਾਂ ‘ਤੇ ਚਾਨਣਾ ਪਾਇਆ। ਉਨਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਉਦਯੋਗਪਤੀ ਸਕਾਰਤਮਕ ਸਹਿਯੋਗ ਕਰ ਰਹੇ ਹਨ। ਵਿੱਤ ਮੰਤਰੀ ਨੇ ਵਾਜਬ ਕੀਮਤਾਂ ‘ਤੇ ਬੁਨਿਆਦੀ ਢਾਂਚੇ ਅਤੇ ਉਦਯੋਗਾਂ ਨੂੰ ਪੂਰਨ ਸਹੂਲਤਾਂ ਦੇਣ ਦਾ ਵਿਸ਼ਵਾਸ ਜਤਾਇਆ। ਪੰਜਾਬ ਵਿਚ ਉੱਭਰ ਰਹੇ ਫਾਰਮਾ ਸੈਕਟਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ਪੰਜਾਬ ਸਰਕਾਰ ਦੇ ਠੋਸ ਇਰਾਦਿਆਂ ਸਬੰਧੀ ਮੀਟਿੰਗ ਵਿਚ ਸ਼ਾਮਲ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਅਤੇ ਹੋਰ ਸੰਗਠਨਾਂ ਦੇ ਆਗੂਆਂ ਨੂੰ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕੀਤੀ। ਇਸ ਮੀਟਿੰਗ ਦੌਰਾਨ ਪੰਜਾਬ ਅਤੇ ਫਾਰਮਾ ਉਦਯੋਗ ਦੇ ਆਗੂਆਂ ਦਰਮਿਆਨ ਇੱਕ ਵਿਲੱਖਣ ਭਾਈਵਾਲੀ ਬਣੀ ਜਿਸ ਨਾਲ ਪੰਜਾਬ ਸੂਬਾ ਭਾਰਤ ਵਿਚ ਫਾਰਮਾ ਉਦਯੋਗ ਲਈ ਸਭ ਤੋਂ ਬਿਹਤਰ ਥਾਂ ਵਜੋਂ ਉੱਭਰ ਕੇ ਸਾਹਮਣੇ ਆਵੇਗਾ। ———-