ਮਾਨਸਾ 19 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਦੇਸ਼ ਵਿੱਚ ਜਿਥੇ ਕਰੋਨਾ ਵਾਇਰਸ ਕਾਰਣ ਸਾਰੇ ਪਾਸੇ ਆਰਥਿਕ ਮੰਦਹਾਲੀ ਛਾਈ ਹੋਈ ਹੈ ਅਤੇ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਕਰੋਨਾ ਵਾਇਰਸ ਭਾਰਤ ਵਿੱਚ ਫੈਲ ਰਿਹਾ ਹੈ, ਇਸ ਸਮੇਂ ਦੌਰਾਨ ਦੇਸ਼ ਵਿੱਚ ਫਿਰਕੂ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਖੇਤੀ ਆਰਡੀਨੈਂਸ ਲੋਕ ਸਭਾ ਅਤੇ ਰਾਜ ਸਭਾ ਵਿੱਚ ਲਿਆ ਕੇ ਦੇਸ਼ ਦੇ ਕਿਸਾਨ, ਆੜ੍ਹਤੀਏ ਅਤੇ ਇੰਨ੍ਹਾਂ ਨਾਲ ਜੁੜੇ ਹੋਰ ਲੋਕਾਂ ਨੂੰ ਨਿੱਜੀ ਖੇਤਰ ਦੀਆਂ ਰਿਲਾਇੰਸ ਜਿਹੀਆਂ ਕੰਪਨੀਆਂ ਦੇ ਹੱਥਾਂ ਵਿੱਚ ਖੇਡਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਕਾਰਣ ਦੇਸ਼ ਭਰ ਦੇ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਰੋਨਾ ਮਹਾਂਮਾਰੀ ਦੇ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਮੋਦੀ ਸਰਕਾਰ ਦੇ ਇੰਨ੍ਹਾਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨ ਅਤੇ ਆੜ੍ਹਤੀਏ ਵੱਡੀ ਗਿਣਤੀ ਵਿੱਚ ਸੜਕਾਂ ਤੇ ਉੱਤਰੇ ਹੋਏ ਹਨ।
ਇਸਨੂੰ ਦੇਖਦੇ ਹੋਇਆਂ ਸੰਵਿਧਾਨ ਬਚਾਓ ਮੰਚ, ਜਿਸਦਾ ਨਿਰਮਾਣ ਮੋਦੀ ਸਰਕਾਰ ਦੇ ਐਨਸੀਏ ਅਤੇ ਐਨਆਰਸੀ ਕਾਨੂੰਨ ਦੀ ਵਾਪਸੀ ਲਈ ਕੀਤਾ ਗਿਆ ਸੀ ਅਤੇ ਜਿਸ ਵੱਲੋਂ ਪੱਕਾ ਧਰਨਾ ਮਾਨਸਾ ਵਿੱਚ ਲਗਾਇਆ ਗਿਆ ਸੀ ਜਿਸ ਵਿੱਚ ਪੰਜਾਬ ਦੀਆਂ ਵੱਖ ਵੱਖ ਜਮਹੂਰੀ, ਕਿਸਾਨ ਹਿਤੈਸੀ਼ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਸਾਰੀਆਂ ਧਿਰਾਂ ਸ਼ਾਮਲ ਸਨ, ਵੱਲੋਂ ਖੇਤੀ ਆਰਡੀਨੈਂਸਾਂ ਦੇ ਖਿਲਾਫ ਪੰਜਾਬ ਭਰ ਵਿੱਚ ਜਿਥੇ ਵੀ ਕੋਈ ਭਾਰਤੀ ਜਨਤਾ ਪਾਰਟੀ ਦਾ ਨੇਤਾ ਜਾਂ ਵਰਕਰ ਕੋਈ ਪਿੰਡਾਂ ਵਿੱਚ ਆਉਂਦਾ ਹੈ ਤਾਂ ਉਸਦਾ ਘਿਰਾਓ ਕਰਨ ਦੀ ਅਪੀਲ ਪੰਜਾਬ ਭਰ ਦੇ ਲੋਕਾਂ ਨੂੰ ਕੀਤੀ ਜਾਂਦੀ ਹੈ ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਇਹ ਸੰਦੇਸ਼ ਪਹੁੰਚ ਜਾਵੇ ਕਿ ਪੰਜਾਬ ਦੇ ਸਾਰੇ ਕਿਸਾਨ ਅਤੇ ਲੋਕ ਇੱਕ ਹਨ ਅਤੇ ਪੰਜਾਬ ਦੇ ਕਿਸੇ ਪਿੰਡ ਅਤੇ ਕਸਬੇ ਵਿੱਚ ਬੀਜੇਪੀ ਪਾਰਟੀ ਨਾਲ ਸਬੰਧਤ ਵਿਅਕਤੀ ਨੂੰ ਨਹੀਂ ਵੜਨ ਦਿੱਤਾ ਜਾਵੇਗਾ।
ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਪਹਿਲਾਂ ਤਾਂ ਆਮ ਲੋਕਾਂ ਨੂੰ ਬੀਜੇਪੀ ਦੇ ਨੇਤਾਵਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਕਿਸ ਤਰ੍ਹਾਂ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ ਜਿਸ ਕਾਰਣ ਉਨ੍ਹਾਂ ਨੂੰ ਬੀਜੇਪੀ ਛੱਡ ਦੇਣੀ ਚਾਹੀਦੀ ਹੈ ਅਤੇ ਉਹ ਬੀਜੇਪੀ ਦਾ ਕੋਈ ਵੀ ਪ੍ਰੋਗਰਾਮ ਪਿੰਡ ਜਾਂ ਕਸਬੇ ਵਿੱਚ ਨਾ ਕਰਨ। ਜੇਕਰ ਉਹ ਇਸ ਤਰ੍ਹਾਂ ਨਹੀਂ ਸਮਝਦੇ ਤਾਂ ਫਿਰ ਉਨ੍ਹਾਂ ਦਾ ਘਿਰਾਓ ਕਰਨਾ ਚਾਹੀਦਾ ਹੈ। ਇਸ ਸਮੇਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਇਕੱਲੀ ਕੈਬਨਿਟ ਵਿਚੋਂ ਅਸਤੀਫਾ ਦੇਣ ਨਾਲ ਹੀ ਨਹੀਂ ਬਲਕਿ ਐਨਡੀਏ ਨਾਲੋਂ ਪੂਰਨ ਤੌਰ ਤੇ ਤੋੜ ਵਿਛੋੜਾ ਕਰ ਲੈਣਾ ਚਾਹੀਦਾ ਹੈ ਅਤੇ ਬੀਜੇਪੀ ਨਾਲ ਕਿਸੇ ਵੀ ਕਿਸਮ ਦਾ ਸਬੰਧ ਨਾ ਰੱਖਿਆ ਜਾਵੇ ਨਹੀਂ ਤਾਂ ਪੰਜਾਬੀਆਂ ਨੇ ਉਨ੍ਹਾਂ ਨੂੰ ਵੀ ਪਿੰਡਾਂ ਵਿੱਚ ਨਹੀਂ ਵੜਨ ਦੇਣਾ।
ਇਸ ਸਮੇਂ ਕ੍ਰਿਸ਼ਨ ਚੌਹਾਨ ਆਗੂ ਸੀਪੀਆਈ ਨੇ ਕਿਹਾ ਕਿ ਮੋਦੀ ਸਰਕਾਰ ਲੋਕ ਮਾਰੂ ਨੀਤੀਆਂ *ਤੇ ਚੱਲ ਪਈ ਹੈ। ਲੋਕਤੰਤਰ ਬਚਾਉਣ ਲਈ ਅਜ਼ਾਦੀ ਦੀ ਲੜਾਈ ਦੀ ਤਰ੍ਹਾਂ ਹੀ ਕਿਸਾਨ ਆਰਡੀਨੈਂਸ ਵਾਪਸ ਕਰਵਾਉਣ ਲਈ ਲੜਾਈ ਲੜਨੀ ਪੈਣੀ ਹੈ ਅਤੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਲੋਕਤੰਤਰਿਕ ਢੰਗਾਂ ਨਾਲ ਬੀਜੇਪੀ ਦੇ ਪੰਜਾਬ ਦੇ ਨੇਤਾਵਾਂ ਦਾ ਆਪਣੇ ਪਿੰਡਾਂ ਅਤੇ ਕਸਬਿਆਂ ਵਿੱਚ ਵਿਰੋਧ ਕਰਨ।
ਇਸ ਸਮੇੇਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾH ਧੰਨਾ ਮੱਲ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੇਸ਼ ਦੇ ਹੋਰ ਲੋਕਤੰਤਰਿਕ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਰਹੀ ਹੈ। ਉਨ੍ਹਾਂ ਦੀ ਐਸੋਸੀਏਸ਼ਨ ਦੇ ਪਿੰਡਾਂ ਵਿੱਚ ਬੈਠੇ ਆਗੂ ਲੋਕਾਂ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਇਹ ਖੇਤੀਬਾੜੀ ਸਬੰਧੀ ਲਿਆਂਦੇ ਗਏ ਆਰਡੀਨੈਂਸ ਕਿਸਾਨ ਵਿਰੋਧੀ ਹਨ।