ਦੇਸ਼ ‘ਚ 21 ਸਤੰਬਰ ਤੋਂ ਸਕੂਲ ਖੋਲ੍ਹਣ ਦੀ ਤਿਆਰੀ

0
441

ਚੰਡੀਗੜ੍ਹ 9 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਦੇਸ਼ ਵਿੱਚ ਹੁਣ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਇਸ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੂਤਰਾਂ ਮੁਤਾਬਕ 21 ਸਤੰਬਰ ਤੋਂ ਸਕੂਲ ਖੋਲ੍ਹੇ ਜਾ ਰਹੇ ਹਨ। ਉਂਝ ਸਕੂਲ ਪੂਰੀ ਤਰ੍ਹਾਂ ਨਹੀਂ ਖੁੱਲ੍ਹਣਗੇ। ਸਿਰਫ ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਸਕੂਲ ਆ ਸਕਣਗੇ। ਸਕੂਲਾਂ ਵਿੱਚ ਕਲਾਸਾਂ ਵੀ ਨਹੀਂ ਲੱਗਣਗੀਆਂ।

ਹਾਸਲ ਜਾਣਕਾਰੀ ਮੁਤਾਬਕ ਕੋਵਿਡ-19 ਅਨਲੌਕ ਦੇ ਅਗਲੇ ਪੜਾਅ ਤਹਿਤ 21 ਸਤੰਬਰ ਤੋਂ ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾਣਗੇ। ਸਰਕਾਰ ਵੱਲੋਂ ਇਸ ਸਬੰਧੀ ਜਾਰੀ ਆਦੇਸ਼ ਅਨੁਸਾਰ ਇਸ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਦਾ ਖ਼ਿਆਲ ਰੱਖਣਾ ਜ਼ਰੂਰੀ ਹੋਵੇਗਾ। ਅੰਸ਼ਕ ਤੌਰ ’ਤੇ ਦੁਬਾਰਾ ਸਕੂਲ ਖੁੱਲ੍ਹਣ ’ਤੇ ਨੌਵੀਂ ਤੋਂ 12ਵੀਂ ਦੇ ਵਿਦਿਆਰਥੀ ਜੇਕਰ ਚਾਹੁਣ ਤਾਂ ਅਧਿਆਪਕਾਂ ਤੋਂ ਸੇਧ ਲੈਣ ਲਈ ਸਕੂਲ ਆ ਸਕਣਗੇ।

ਤਾਜ਼ਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਬੰਧਤ ਜਮਾਤਾਂ ਦਾ ਜਿਹੜਾ ਵੀ ਵਿਦਿਆਰਥੀ 21 ਸਤੰਬਰ ਤੋਂ ਸਕੂਲ ਆਉਣਾ ਚਾਹੇਗਾ, ਉਸ ਨੂੰ ਆਪਣੇ ਮਾਪਿਆਂ ਕੋਲੋਂ ਲਿਖਤੀ ਇਜਾਜ਼ਤ ਲੈਣੀ ਪਵੇਗੀ ਤੇ ਸਕੂਲ ਵਿਚ ਛੇ ਫੁੱਟ ਦੀ ਸਰੀਰਕ ਦੂਰੀ ਦੇ ਨਿਯਮ ਦਾ ਪਾਲਣ ਕਰਨਾ ਯਕੀਨੀ ਬਣਾਉਣਾ ਪਵੇਗਾ।

ਸਿਹਤ ਮੰਤਰਾਲੇ ਨੇ ਸੁਰੱਖਿਆ ਸਬੰਧੀ ਇਹ ਹਦਾਇਤਾਂ ਜਾਰੀ ਕੀਤੀਆਂ ਹਨ। ਹਦਾਇਤਾਂ ਅਨੁਸਾਰ ਕੇਵਲ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਪੈਂਦੇ ਸਕੂਲਾਂ ਨੂੰ ਖੋਲ੍ਹਣ ਦੀ ਆਗਿਆ ਹੋਵੇਗੀ ਤੇ ਕੰਟੇਨਮੈਂਟ ਜ਼ੋਨਾਂ ’ਚ ਵਸਦੇ ਵਿਦਿਆਰਥੀਆਂ ਤੇ ਅਧਿਆਪਕਾਂ ਤੇ ਸਕੂਲ ਮੁਲਾਜ਼ਮਾਂ ਨੂੰ ਸਕੂਲ ’ਚ ਹਾਜ਼ਰ ਹੋਣ ਦੀ ਆਗਿਆ ਨਹੀਂ ਹੋਵੇਗੀ। ਪੂਰੀ ਇਮਾਰਤ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਸਕੂਲਾਂ ਦੀਆਂ ਮੈੱਸ/ਕੰਟੀਨਾਂ ਨਹੀਂ ਖੁੱਲ੍ਹਣਗੀਆਂ।

LEAVE A REPLY

Please enter your comment!
Please enter your name here