ਬੁਢਲਾਡਾ -4 ਸਤੰਬਰ (ਸਾਰਾ ਯਹਾ/ਅਮਨ ਮਹਿਤਾ) – ਨਗਰ ਸੁਧਾਰ ਸਭਾ ਨੇ ਜਿਲਾ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਕੀ ਬੁਢਲਾਡਾ ਸ਼ਹਿਰ ਦਾ ਕੋਈ ਵਾਲੀਵਾਰਸ ਹੈ ? ਸ਼ਹਿਰ ਦੇ ਲੋਕਾਂ ਦੀ ਗੱਲ ਸੁਣਨ ਲਈ ਕੋਈ ਅਧਿਕਾਰੀ ਹੱਥ ਪੱਲਾ ਨਹੀਂ ਫੜਾ ਰਿਹਾ , ਸ਼ਹਿਰਵਾਸੀ ਹਾਲੋਂ ਬੇਹਾਲ ਹੋਏ ਪਏ ਹਨ। ਸੰਸਥਾ ਨੇ ਫੈਸਲਾ ਕੀਤਾ ਹੈ ਕਿ ਨਗਰ ਸੁਧਾਰ ਸਭਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਖੁੱਲੀ ਚਿੱਠੀ ਲਿਖਕੇ ਸ਼ਹਿਰ ਦੀ ਸਾਰੀ ਵਿਥਿਆ ਦੱਸੀ ਜਾਵੇਗੀ । ਇਹ ਫੈਸਲਾ ਬੀਤੀ ਕੱਲ ਸੰਸਥਾ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਨਗਰ ਸੁਧਾਰ ਸਭਾ ਦੇ ਪ੍ਰਧਾਨ ਸ: ਪਰੇਮ ਸਿੰਘ ਦੋਦੜਾ ਨੇ ਕੀਤੀ । ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਮਨੋਰਥ ਸ਼ਹਿਰ ਨੂੰ ਖੂਬਸੂਰਤ ਬਣਾਉਣਾ , ਵਿਕਾਸ ਦੇ ਰਾਹ ‘ਤੇ ਤੋਰਨਾ , ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਨੂੰ ਖਤਮ ਕਰਨਾ ਤੋਂ ਬਿਨਾਂ ਸ਼ਹਿਰਵਾਸੀਆਂ ਦੀ ਇੱਕਜੁੱਟਤਾ ਨੂੰ ਮਜਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਨੇ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਐਸੋਸੀਏਸ਼ਨਾਂ ਨਾਲ ਮੀਟਿੰਗ ਕਰਕੇ ਅਤੇ ਨਿੱਜੀ ਰੂਪ ਵਿੱਚ ਉਪਰਾਲੇ ਕਰਕੇ ਨਜਾਇਜ਼ ਕਬਜਿਆਂ/ਉਸਾਰੀਆਂ ਦੇ ਮਾਮਲੇ ਵਿੱਚ ਆਪਣਾ ਰੋਲ ਅਦਾ ਕੀਤਾ ਹੈ। ਸੰਸਥਾ ਨੇ ਕਿਹਾ ਕਿ ਪਰ ਅਫਸੋਸ ਦੀ ਗੱਲ ਹੈ ਕਿ ਲਗਭਗ 15-20 ਦਿਨ ਬੀਤ ਜਾਣ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਹਾਲਾਂ ਤੱਕ ਕਿਸੇ ਕਿਸਮ ਦੇ ਦਿਸ਼ਾ ਨਿਰਦੇਸ਼ ਸ਼ਹਿਰਵਾਸੀਆਂ ਨਾਲ ਸਾਂਝੇ ਨਹੀਂ ਕੀਤੇ ਗਏ ਜਿਸ ਕਾਰਨ ਸ਼ਹਿਰਵਾਸੀ ਖਾਸ ਕਰਕੇ ਦੁਕਾਨਦਾਰ ਅਤੇ ਵਪਾਰੀ ਵਰਗ ਸਸੋਪੰਜ ਵਿੱਚ ਪੲੇ ਹੋਏ ਹਨ । ਉਨ੍ਹਾਂ ਵੱਲੋਂ ਖੁਦ ਢਾਅ-ਢਹਾਈ ਕਰਨ ਦੇ ਬਾਵਜੂਦ ਪੱਲੇ ਕੁੱਝ ਨਹੀਂ ਪੈ ਰਿਹਾ , ਸਗੋਂ ਇਸ ਦੇ ਉਲਟ ਗੈਰ-ਜਿੰਮੇਵਾਰਾਨਾ ਢੰਗ ਨਾਲ ਬਜਾਏ ਤਾਲਮੇਲ ਦੇ , ਪੀਲੇ ਪੰਜੇ ਵਾਲੀ ਜੇ ਸੀ ਬੀ ਮਸ਼ੀਨ ਰਾਹੀਂ ਖੌਫ਼ ਪੈਦਾ ਕੀਤਾ ਜਾ ਰਿਹਾ ਹੈ , ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਖਦਸ਼ੇ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਉਕਤ ਆਗੂ ਨੇ ਕਿਹਾ ਕਿ ਸ਼ਹਿਰ ਦੇ ਦੁਕਾਨਦਾਰ ਅਤੇ ਵਪਾਰੀ ਤਬਕਾ ਕਈ ਪੁੜਾਂ ਵਿਚਾਲੇ ਪਿਸ ਰਿਹਾ ਹੈ , ਕੋਰੋਨਾ ਮਹਾਂਮਾਰੀ ਕਾਰਨ ਕਾਰੋਬਾਰ ਬਰਬਾਦੀ ਦੀ ਕੰਢੇ ‘ਤੇ ਹੈ , ਆਰਥਿਕਤਾ ਬੁਰੀ ਤਰ੍ਹਾਂ ਲੜਖੜਾ ਗਈ ਹੈ। ਢਾਅ ਢਹਾਈ ਅਤੇ ਮੁੜ ਉਸਾਰੀ ‘ਤੇ ਲੱਖਾਂ ਰੁਪਏ ਖਰਚ ਹੋ ਰਹੇ ਹਨ। ਪ੍ਰਸ਼ਾਸਨ ਅਤੇ ਨਗਰ ਕੌਂਸਲ ਕੋਲ ਸਿਵਾਏ ਦਬਕੇ ਅਤੇ ਡੰਡੇ ਤੋਂ ਹੋਰ ਕੁੱਝ ਦਿਖਾਈ ਨਹੀਂ ਦੇ ਰਿਹਾ । ਜੋ ਵਪਾਰ – ਕਾਰੋਬਾਰ ਨੇ ਥੋੜੀ-ਬਹੁਤੀ ਗਤੀ ਫੜੀ ਸੀ , ਢੋਅ ਢਹਾਈ ਦੇ ਕੰਮ ਨੇ ਠੱਪ ਕਰਕੇ ਰੱਖ ਦਿੱਤੀ ਹੈ। ਸ਼ਹਿਰ ਵਿੱਚ ਇਹ ਵੀ ਚਰਚਾ ਹੈ ਕਿ ਰੇਲਵੇ ਰੋਡ ਨੂੰ ਪਾਮ ਸਟਰੀਟ ਬਣਾਉਣਾ ਅਤੇ ਹੋਰ ਕਾਰਜਾਂ ਦੀਆਂ ਗੱਲਾਂ ਸਿਰਫ ਹਵਾਈ ਅਤੇ ਸੋਸ਼ੇਵਾਜ਼ੀ ਤੱਕ ਸੀਮਤ ਹਨ ਕਿਉਂਕਿ ਜੋ ਪੰਜਾਬ ਸਰਕਾਰ ਡੂੰਘੇ ਆਰਥਿਕ ਸੰਕਟ ਵਿੱਚੋਂ ਲੰਘ ਰਹੀ ਹੈ, ਉਹ ਸਰਕਾਰ ਲੰਬੇ ਅਰਸੇ ਤੋਂ ਅਣਗੋਲੇ ਇਸ ਸ਼ਹਿਰ ਨੂੰ ਕਰੋੜਾਂ ਦੀਆਂ ਗਰਾਂਟਾਂ ਦੇ ਗੱਫੇ ਦੇਵੇਗੀ, ਇਹ ਗੱਲ ਸ਼ਹਿਰ ਦੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ। ਉਕਤ ਆਗੂ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਲੋਕਾਂ ਦੀ ਹਾਲਤ ਇਹ ਬਣੀ ਹੋਈ ਹੈ ਕਿ ਸ਼ਹਿਰ ਦੇ ਲੋਕ ਨਗਰ ਕੌਂਸਲ ਅਤੇ ਐਸ ਡੀ ਐਮ ਦਫਤਰ ਗੇੜੇ ਮਾਰ – ਮਾਰ ਕੇ ਥੱਕ ਚੁੱਕੇ ਹਨ , ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ । ਇੱਥੋਂ ਤੱਕ ਕਿ ਨਗਰ ਸੁਧਾਰ ਸਭਾ ਅਤੇ ਸ਼ਹਿਰ ਦੀਆਂ ਹੋਰ ਐਸੋਸੀਏਸ਼ਨਾਂ ਦੇ ਵੀ ਪੱਲੇ ਨਾ ਨਗਰ ਕੌਂਸਲ ਦੇ ਅਧਿਕਾਰੀ ਕੁੱਝ ਪਾਉਂਦੇ ਹਨ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ। ਸਿੱਤਮ ਦੀ ਗੱਲ ਤਾਂ ਇਹ ਹੈ ਕਿ ਅਫਸਰਸ਼ਾਹੀ ਫੋਨ ਚੁੱਕਣ ਦੀ ਜਹਿਮਤ ਵੀ ਨਹੀਂ ਉਠਾ ਰਹੀ , ਜਿਸ ਕਾਰਨ ਸ਼ਹਿਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਸੁਧਾਰ ਸਭਾ ਮਹਿਸੂਸ ਕਰਦੀ ਹੈ ਕਿ ਪੰਜਾਬ ਸਰਕਾਰ ਨੂੰ ਫੌਰੀ ਦਖਲਅੰਦਾਜ਼ੀ ਦੇ ਕੇ ਕਿਸੇ ਤਜਰਬੇਕਾਰ ਅਤੇ ਕਾਬਲ ਪ੍ਰਸ਼ਾਸਨਿਕ ਅਧਿਕਾਰੀ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ , ਇਸ ਸੰਵੇਦਨਸ਼ੀਲ ਮਾਮਲੇ ਨੂੰ ਮੌਜੂਦਾ ਹਾਲਤਾਂ ਵਿੱਚ ਸੁਖਾਵੇਂ ਢੰਗ ਨਾਲ ਤਾਲਮੇਲ ਕਰਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਨਾ ਚਾਹੀਦਾ ਹੈ। ਐਡਵੋਕੇਟ ਦਲਿਓ ਨੇ ਦੱਸਿਆ ਕਿ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਜਿਵੇਂ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੀ ਮਿਕਸ ਹੋ ਕੇ ਹੋ ਰਹੀ ਸਪਲਾਈ , ਬਾਰਿਸ਼ਾਂ ਅਤੇ ਗੰਦੇ ਪਾਣੀ ਦੀ ਨਿਕਾਸੀ , ਸ਼ਹਿਰ ਦੀ ਸਫ਼ਾਈ , ਅਵਾਰਾ ਪਸ਼ੂਆਂ ਦੀ ਸਮੱਸਿਆ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਦਾ ਨਿਰਮਾਣ ਕਰਨਾ , ਰੇਲਵੇ ਰੋਡ ਸੜਕ ਦੇ ਨਿਰਮਾਣ ਸਮੇਂ ਵੱਡੇ ਪੱਧਰ ‘ਤੇ ਹੋਈ ਘਪਲੇਬਾਜ਼ੀ ਦੀ ਜਾਂਚ ਜਲਦੀ ਮੁਕੰਮਲ ਕਰਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨਾ ਆਦਿ ਜਿਉਂ ਦੀ ਤਿਉਂ ਬਰਕਰਾਰ ਹਨ , ਇੰਨਾਂ ਸਮੱਸਿਆਵਾਂ ਨੂੰ ਫੌਰੀ ਅਤੇ ਪਹਿਲ ਦੇ ਅਧਾਰ ‘ਤੇ ਹੱਲ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਤਪਾਲ ਸਿੰਘ, ਐਡਵੋਕੇਟ ਸੁਸ਼ੀਲ ਕੁਮਾਰ ਬਾਂਸਲ, ਸੁਰਜੀਤ ਸਿੰਘ ਟੀਟਾ, ਅਵਤਾਰ ਸਿੰਘ ਸੇਵਾਮੁਕਤ ਹੌਲਦਾਰ, ਰਾਜਿੰਦਰ ਸਿੰਘ ਸੋਨੂੰ ਕੋਹਲੀ, ਵਿਸ਼ਾਲ ਰਿਸ਼ੀ, ਅਮਿਤ ਕੁਮਾਰ ਜਿੰਦਲ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।