ਮਾਨਸਾ, 25 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜਿਲ੍ਹਾ ਮਾਨਸਾ ਵਿੱਚ ਪੀ.ਐਸ.ਆਰ.ਐਲ.ਐਮ. (ਪੰਜਾਬ ਸਟੇਟ ਰੂਰਲ ਲੀਵਲੀਹੂਡ ਮਿਸ਼ਨ) ਸਕੀਮ ਅਧੀਨ ਚੱਲਦੇ ਸਵੈ-ਸਹਾਇਤਾ ਗਰੁੱਪਾਂ ਵੱਲੋਂ ਕਰੋਨਾ ਬਿਮਾਰੀ ਦੀ ਰੋਕਥਾਮ ਵਿੱਚ ਸਹਿਯੋਗ ਪਾਉਂਦੇ ਹੋਏ ਮਾਸਕ ਤਿਆਰ ਕਰਕੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀ.ਐਸ.ਆਰ.ਐਲ.ਐਮ. ਅਧੀਨ ਪਿੰਡਾਂ ਦੀਆਂ ਗਰੀਬ ਔਰਤਾਂ ਨੂੰ ਜੋੜ ਕੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਜੀਵਨ ਪੱਧਰ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਦੌਰਾਨ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਅਨੁਸਾਰ ਹਰੇਕ ਵਿਅਕਤੀ ਨੂੰ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ, ਜਿਸ ਦੇ ਚੱਲਦਿਆਂ ਜ਼ਿਲ੍ਹਾ ਮਾਨਸਾ ਦੇ 140 ਸਵੈ-ਸਹਾਇਤਾ ਸਮੂਹਾਂ ਵੱਲੋਂ ਕੁੱਲ 40000 ਮਾਸਕ ਤਿਆਰ ਕਰਕੇ ਵੱਖ-ਵੱਖ ਅਦਾਰਿਆਂ ਨੂੰ ਦਿੱਤੇ ਗਏ, ਜਿਸ ਨਾਲ ਸਵੈ ਸਹਾਇਤਾ ਗਰੁੱਪਾਂ ਦੀ ਆਮਦਨ ਵਿੱਚ ਵਾਧਾ ਹੋਇਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 445 ਸਵੈ-ਸਹਾਇਤਾ ਗਰੁੱਪ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ 193 ਗਰੁੱਪਾਂ ਨੂੰ 15,000/- ਰੁਪਏ ਪ੍ਰਤੀ ਗਰੁੱਪ ਦੇ ਹਿਸਾਬ ਨਾਲ 28,95,000/- ਰੁਪਏ ਰੀਵਾਲਵਿੰਗ ਫੰਡ ਅਤੇ 32 ਗਰੁੱਪਾਂ ਨੂੰ 50,000/- ਰੁਪਏ ਦੇ ਹਿਸਾਬ ਨਾਲ 16,00,000/- ਕਮਿਊਨਿਟੀ ਫੰਡ ਜਾਰੀ ਕੀਤਾ ਜਾ ਚੁੱਕਿਆ ਹੈ।ਉਨ੍ਹਾਂ ਦੱਸਿਆ ਕਿ ਹਰ ਇੱਕ ਗਰੁੱਪ ਮੈਂਬਰ ਪ੍ਰਤੀ ਮਹੀਨਾ 100 ਜਾਂ 50 ਰੁਪਏ ਘਰੇਲੂ ਬੱਚਤ ਕਰਕੇ ਆਪਣੇ ਗਰੁੱਪ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਂਦਾ ਹੈ, ਜਿਸ ਨਾਲ ਲੋੜਵੰਦ ਮੈਂਬਰਾਂ ਨੂੰ ਕਰਜ਼ਾ ਦਿੱਤਾ ਜਾ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਔਰਤਾਂ ਨੂੰ ਜੂਟ ਬੈਗ ਬਣਾਉਣ, ਆਚਾਰ ਅਤੇ ਟ੍ਰੀ ਗਾਰਡ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਇਸ ਤੋਂ ਬਿਨ੍ਹਾਂ ਬਾਂਸ ਦੇ ਟ੍ਰੀ ਗਾਰਡਾਂ ਦੀ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਇਹ ਟ੍ਰੀ ਗਾਰਡ ਖਰੀਦ ਕੇ ਗਰੁੱਪ ਮੈਂਬਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।