ਬੁਢਲਾਡਾ25 ਅਗਸਤ (ਸਾਰਾ ਯਹਾ/ਮਨ ਮਹਿਤਾ) : ਕਰੋਨਾ ਦੀ ਮਾਰ ਤੇ ਉਪਰੋ ਸਰਕਾਰ ਦੇ ਹੁਕਮ ਤੇ ਪ੍ਰਸ਼ਾਸਨ ਦੇ ਡਰ ਕਾਨੂੰਨ ਨੇ ਆਮ ਲੋਕਾਂ ਵਿੱਚ ਸਹਿਮ ਦਾ ਮਹੌਲ ਵੇਖਣ ਨੂੰ ਮਿਲ ਰਿਹਾ ਹੈ। ਲੋਕਡਾਉਨ ਕਾਰਨ ਲੰਬੀ ਤਾਲਾਬੰਦੀ ਕਰਕੇ ਬੇਰੁਜ਼ਗਾਰੀ ਤੇ ਗਰੀਬੀ ਤੇ ਆਮ ਲੋਕਾਂ ਦੇ ਨੱਕ ਵਿੱਚ ਦਮ ਕਰ ਕੇ ਰੱਖ ਦਿੱਤਾ ਹੈ। ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਕੇਵਲ ਨਿਯਮਾਂ ਤੱਕ ਸੀਮਤ ਹੋ ਚੁੱਕੀ ਹੈ ਅਤੇ ਖ਼ਜ਼ਾਨੇ ਦਾ ਮੂੰਹ ਸਰਮਾਏਦਾਰ ਘਰਾਂ ਵੱਲ ਖੋਲ੍ਹ ਰੱਖਿਆ ਹੈ। ਜਿਸ ਤੋਂ ਖਫ਼ਾ ਹਰ ਖੇਤਰ ਦੇ ਲੋਕ ਸੰਘਰਸ਼ਾਂ ਵੱਲ ਮੂੰਹ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾ ਹਰਦੇਵ ਸਿੰਘ ਅਰਸ਼ੀ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਰੋਨਾ ਸੰਕਟ ਦਾ ਸ਼ਿਕਾਰ ਅਤੇ ਬੇਰੁਜ਼ਗਾਰੀ ਦੀ ਮਾਰ ਅਤੇ ਮਾਈਕ੍ਰੋਫਾਈਨਾਂਸ ਕੰਪਨੀਆਂ ਦੀਆਂ ਜਬਰੀ ਕਿਸ਼ਤਾਂ ਦੀ ਉਗਰਾਹੀ ਕਾਰਨ ਧਮਕੀਆਂ ਅਤੇ ਭੱਦੀ ਸ਼ਬਦਾਵਲੀ ਤੇ ਘਰੇਲੂ ਸਾਮਾਨ ਫੂਕਣ ਆਦਿ ਹਰਕਤਾਂ ਤੋਂ ਤੰਗ ਆ ਚੁੱਕੇ ਹਨ ਅਤੇ ਔਰਤਾਂ ਵੱਲੋਂ ਲਾਮਬੰਦੀ ਕਰਕੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾ ਰਿਹਾ ਹੈ। ਕਾ ਅਰਸ਼ੀ ਨੇ ਕਿਹਾ ਕਿ ਸੱਤਾਧਾਰੀ ਧਿਰ ਸਮੇਤ ਪੰਜਾਬ ਵਿਧਾਨ ਸਭਾ ਦੇ ਮੈਂਬਰ ਸੈਸ਼ਨ ਦੌਰਾਨ ਔਰਤਾਂ ਦੇ ਕਰਜ਼ਾ ਮੁਆਫ਼ੀ ਸਬੰਧੀ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਨੂੰ ਸਿਫ਼ਾਰਸ਼ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਲੋਕ ਮਸਲਿਆਂ ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਕਰਜ਼ਾ ਮਾਫ਼ੀ ਸਬੰਧੀ ਪਾਰਟੀ ਵੱਲੋਂ ਵੱਡੇ ਐਕਸ਼ਨ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਸਕੱਤਰ ਕਾ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਸਰਕਾਰ ਵੱਲੋਂ ਲੋਕ ਡਾਊਨ ਅੱਜ ਵੀ ਜਾਰੀ ਹੈ ਅਤੇ ਕੰਪਨੀਆਂ ਦੇ ਕਰਿੰਦੇ ਲਗਾਤਾਰ ਕਿਸ਼ਤਾਂ ਸਬੰਧੀ ਔਰਤ ਨੂੰ ਪ੍ਰੇਸ਼ਾਨ ਕਰ ਰਹੇ ਹਨ ਜਿਸ ਤਹਿਤ ਆਰਬੀਆਈ ਅਤੇ ਸਰਕਾਰ ਔਰਤਾਂ ਸਮੇਤ ਸਾਰੇ ਕਰਜ਼ੇ ਜੂਨ 2021 ਤੱਕ ਬਿਨਾਂ ਵਿਆਜ ਅੱਗੇ ਪਾਏ ਜਾਣ। ਇਸ ਮੌਕੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਸੀਤਾ ਰਾਮ, ਕਾਮਰੇਡ ਵੇਦ ਪ੍ਰਕਾਸ਼, ਕਾਮਰੇਡ ਚਿਮਨ ਲਾਲ, ਬਬੂ ਸਿੰਘ ਨੇ ਕਿਹਾ ਕਿ ਕਰਜ਼ੇ ਸਬੰਧੀ ਔਰਤਾਂ ਨੂੰ ਕਿਸੇ ਕਿਸਤਾ ਦੀ ਪਾਰਟੀ ਵੱਲੋਂ ਆਂਚ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੰਤੋਸ਼ ਰਾਣੀ, ਕਾਮਰੇਡ ਸਿਮਰਜੀਤ ਕੌਰ ਆਦਿ ਹਾਜ਼ਰ ਸਨ।