ਲੁਧਿਆਣਾ 15 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ):: ਲੁਧਿਆਣਾ ਵਿਖੇ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਦੋ ਕਾਰ ਸਵਾਰ ਨਸ਼ਾ ਤਸਕਰਾਂ ਨੂੰ 530 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਐਸਟੀਐਫ ਦੀ ਟੀਮ ਨਸ਼ਾ ਤਸਕਰਾਂ ਦੀ ਭਾਲ ਵਿੱਚ ਦੁਗਰੀ ਰੋਡ ‘ਤੇ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਤਿੰਨ ਆਰੋਪੀ ਟਾਟਾ ਨੈਕਸਨ ਕਾਰ ‘ਤੇ ਸਵਾਰ ਹੋ ਕੇ ਡੇਹਲੋਂ ਤੋਂ ਲੁਧਿਆਣਾ ਵੱਲ ਨਸ਼ੇ ਦੀ ਸਪਲਾਈ ਦੇਣ ਆ ਰਹੇ ਹਨ।
ਇਸ ਦੇ ਚਲਦਿਆਂ ਉਨ੍ਹਾਂ ਵਲੋਂ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਕਾਰ ਸਵਾਰ ਵਿਅਕਤੀਆਂ ਨੂੰ ਜਦ ਰੋਕਿਆ ਗਿਆ ਉਨ੍ਹਾਂ ‘ਚੋਂ ਇੱਕ ਆਰੋਪੀ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਦੋ ਅਰੋਪੀਆਂ ਨੂੰ ਟੀਮ ਨੇ ਕਾਬੂ ਕਰ ਲਿਆ। ਅਰੋਪੀਆਂ ਪਾਸੋਂ ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ ਵਿੱਚ ਰੱਖੀ 530 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਹੈ।ਆਰੋਪੀ ਦਿੱਲੀ ਤੋਂ ਹੈਰੋਇਨ ਲਿਆ ਕੇ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦੇ ਸੀ।
ਉਨ੍ਹਾਂ ਕਿਹਾ ਕਿ ਅਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ 2 ਕਰੋੜ 60 ਲੱਖ ਰੁਪਏ ਦੇ ਨਜ਼ਦੀਕ ਦੱਸੀ ਜਾ ਰਹੀ ਹੈ।