ਮਾਨਸਾ, 11 ਅਗਸਤ (ਸਾਰਾ ਯਹਾ, ਜੋਨੀ ਜਿੰਦਲ) : ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਭਾਰਤ ਪੈਟਰੋਲੀਅਮ ਨਾਲ ਇੱਕ ਐਮ.ਓ.ਯੂ (ਮੈਮੋਰੈਂਡਮ ਆਫ਼ ਅੰਡਰਟੇਕਿੰਗ) ਕੀਤਾ ਗਿਆ ਸੀ, ਜਿਸ ਤਹਿਤ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਉਸਾਰੀ ਦੇ ਕੰਮ ਲਏ ਜਾਣੇ ਸਨ ਅਤੇ ਇਹ ਕੰਮ ਮਗਨਰੇਗਾ ਸਕੀਮ ਦੀ ਕਨਵਰਜੈਂਸ ਨਾਲ ਜ਼ਿਲ੍ਹੇ ਵਿੱਚ ਲਾਗੂ ਕੀਤੇ ਜਾਣੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਤੇ ਭਾਰਤ ਪੈਟਰੋਲੀਅਮ (ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲੀਟੀ) ਦੀ ਕਨਵਰਜੈਂਸ ਨਾਲ ਜ਼ਿਲ੍ਹੇ ਵਿੱਚ 77 ਸਕੂਲਾਂ ਵਿੱਚ ਸੋਕ ਪਿੱਟ, 48 ਸਕੂਲਾਂ ਵਿੱਚ ਟੁਆਇਲਟ ਅਤੇ 83 ਪੇਂਡੂ ਖੇਤਰ ਦੀਆਂ ਆਂਗਣਾਵੜੀਆਂ ਵਿੱਚ ਟੁਆਇਲਟ ਤਿਆਰ ਕੀਤੇ ਜਾਣੇ ਸਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਪੈਟਰੋਲੀਅਮ ਵੱਲੋਂ 17 ਸਕੂਲਾਂ ਨੂੰ ਸੈਨੇਟਰੀ ਪੈਡ ਵੈਂਡਿੰਗ ਮਸ਼ੀਨ ਅਤੇ 21 ਪ੍ਰੋਜੈਕਟਰ ਮੁਹੱਈਆ ਕਰਵਾਏ ਜਾਣੇ ਸਨ। ਉਨ੍ਹਾਂ ਹੁਣ ਤੱਕ ਦੀ ਪ੍ਰਗਤੀ ਦਾ ਵੇਰਵਾ ਦਿੰਦਿਆਂ ਦੱਸਿਆ ਕਿ 30 ਸਕੂਲ ਟੁਆਇਲਟ, 72 ਸੋਕ ਪਿੱਟ ਅਤੇ 78 ਆਂਗਣਵਾੜੀ ਟੁਆਇਲਟ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਤੋਂ ਇਲਾਵਾ 17 ਸਕੂਲਾਂ ਨੂੰ ਸੈਨੇਟਰੀ ਪੈਡ ਵੈਂਡਿੰਗ ਮਸ਼ੀਨ ਅਤੇ 21 ਪ੍ਰੋਜੈਕਟਰ ਸਕੂਲਾਂ ਨੂੰ ਮੁਹੱਈਆ ਕਰਵਾ ਦਿੱਤੇ ਗਏ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਨੂੰ ਇਸ ਵਿਲੱਖਣ ਕਨਵਰਜੈਂਸ ਲਈ ਸੂਬਾ ਪੱਧਰੀ ਕਨਵਰਜੈਂਸ ਅਵਾਰਡ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੱਲੋਂ ਸੂਬਾ ਪੱਧਰੀ ਵਰਕਸ਼ਾਪ ਵਿੱਚ ਦਿੱਤਾ ਗਿਆ ਹੈ। ਉਨ੍ਹਾਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ, ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਮਗਨਰੇਗਾ ਅਤੇ ਭਾਰਤ ਪੈਟਰੋਲੀਅਮ ਦੀ ਕਨਵਰਜੈਂਸ ਤਹਿਤ ਪੈਂਡਿੰਗ ਪਏ ਕੰਮਾਂ ਨੂੰ ਸਮਾਂ ਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ ਅਤੇ ਸਕੂਲਾਂ ਸਬੰਧੀ ਵੱਧ ਤੋਂ ਵੱਧ ਕੰਮ ਮਗਨਰੇਗਾ ਸਕੀਮ ਅਧੀਨ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਲਏ ਜਾਣ।