ਮਾਨਸਾ, 07 ਅਗਸਤ (ਸਾਰਾ ਯਹਾ,ਹੀਰਾ ਸਿੰਘ ਮਿੱਤਲ) : ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇੱਕ ਹੋਰ ਕਦਮ ਚੁੱਕਦਿਆਂ ਜ਼ਿਲ੍ਹਾ ਮਾਨਸਾ ਵਿੱਚ ਮਗਨਰੇਗਾ ਸਕੀਮ ਅਧੀਨ ਕੂੜੇ ਦੀ ਸਹੀ ਸੰਭਾਲ ਲਈ ਪਿੰਡ ਖੀਵਾ ਖੁਰਦ ਬਲਾਕ ਭੀਖੀ ਵਿਖੇ ਚੌਥੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਮਾਨਸਾ ਸ਼੍ਰੀ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਕੀਤਾ ਗਿਆ।
ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਬੀ.ਡੀ.ਪੀ.ਓ. ਭੀਖੀ ਸ਼੍ਰੀਮਤੀ ਕਵਿਤਾ ਗਰਗ ਵੱਲੋਂ ਦੱਸਿਆ ਗਿਆ ਕਿ ਇਹ ਪ੍ਰੋਜੈਕਟ ਮਗਨਰੇਗਾ ਸਕੀਮ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਪਟਿਆਲਾ ਦੇ ਨਾਲ ਮਿਲ ਕੇ ਕਨਵਰਜੈਂਸ ਤਹਿਤ ਤਿਆਰ ਕਰਵਾਇਆ ਗਿਆ ਹੈ।
ਇਸ ਮੌਕੇ ਪਿੰਡ ਵਾਸੀਆਂ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣ ਲਈ ਪ੍ਰੇਰਦੇ ਹੋਏ ਹਰ ਘਰ ਨੂੰ ਦੋ ਕੂੜੇਦਾਨਾਂ ਦੀ ਵੰਡ ਕੀਤੀ ਗਈ।ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਗਨਰੇਗਾ, ਗ੍ਰਾਮ ਪੰਚਾਇਤ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਪਿੰਡ ਖੀਵਾ ਖੁਰਦ ਵਿਖੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਰਾਊਂਡ ਗਲਾਸ ਫਾਊਂਡੇਸ਼ਨ ਅਤੇ ਮਗਨਰੇਗਾ ਸਕੀਮ ਦੇ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਕੂੜੇਦਾਨਾਂ ਦੀ ਵੰਡ ਕੀਤੀ ਗਈ, ਤਾਂ ਜੋ ਕਰੋਨਾ ਵਾਇਰਸ ਦੀ ਬਿਮਾਰੀ ਸਬੰਧੀ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਠੋਸ ਕੂੜਾ ਪ੍ਰਬੰਧਨ ਲਈ ਘਰ ਪੱਧਰ ‘ਤੇ ਗਿੱਲੇ ਅਤੇ ਸੁੱਕੇ ਕੂੜੇ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਪ੍ਰੋਜੈਕਟ ਸਬੰਧੀ ਮਗਨਰੇਗਾ ਅਤੇ ਫਾਊਂਡੇਸ਼ਨ ਦੇ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ।
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਭੀਖੀ ਵੱਲੋਂ ਦੱਸਿਆ ਗਿਆ ਕਿ ਇਹ ਪ੍ਰੋਜੈਕਟ ਬਲਾਕ ਭੀਖੀ ਦੇ ਪਿੰਡਾਂ ਦੇ ਸਰਪੰਚਾਂ ਨੂੰ ਪਾਇਲਟ ਦੇ ਤੌਰ ‘ਤੇ ਦਿਖਾਇਆ ਜਾਵੇਗਾ ਅਤੇ ਉਨ੍ਹਾਂ ਦੇ ਪਿੰਡ ਵਿੱਚ ਇਹ ਪ੍ਰੋਜੈਕਟ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਖੀਵਾ ਖੁਰਦ, ਏ.ਪੀ.ਓ. ਮਗਨਰੇਗਾ ਕਾਜਲ ਗਰਗ, ਤਕਨੀਕੀ ਸਹਾਇਕ ਕੁਲਦੀਪ ਸਿੰਘ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਅਧਿਕਾਰੀ ਹਾਜ਼ਰ ਸਨ।