ਚੰਡੀਗੜ੍ਹ 07 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਕਾਂਗਰਸ ਦੀ ਖਾਨਾਜੰਗੀ ਵਧਦੀ ਜਾ ਰਹੀ ਹੈ। ਕੈਪਟਨ ਦੀ ਪੂਰੀ ਕੈਬਨਿਟ ਨੇ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਪਾਰਟੀ ਵਿੱਚੋਂ ਕੱਢਣ ਦੀ ਆਵਾਜ਼ ਚੁੱਕੀ ਹੈ। ਉਨ੍ਹਾਂ ਉਪਰ ਪਾਰਟੀ ਤੇ ਸਰਕਾਰ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਾਏ ਜਾ ਰਹੇ ਹਨ। ਇਨ੍ਹਾਂ ਦੋਵਾਂ ਲੀਡਰਾਂ ਨੇ ਜ਼ਹਿਰੀਲੀ ਸ਼ਰਾਬ ਕਾਂਡ ’ਤੇ ਆਪਣੀ ਪਾਰਟੀ ਦੀ ਸਰਕਾਰ ’ਤੇ ਹਮਲਾ ਬੋਲਿਆ ਸੀ।
ਹੁਣ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਸੁਨੀਲ ਜਾਖੜ ਜਾਂ ਕੋਈ ਹੋਰ ਕੌਣ ਹੁੰਦਾ ਹੈ, ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਵਾਲਾ। ਉਨ੍ਹਾਂ ਫਿਰ ਕੈਪਟਨ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਕਿ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣੀ ਚਾਹੀਦੀ ਹੈ। ਬਾਜਵਾ ਅੱਜ ਬਟਾਲਾ ਵਿੱਚ ਸ਼ਰਾਬ ਪੀਣ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀ। ਬਾਜਵਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਬਾਜਵਾ ਨੇ ਆਪਣੀ ਸਕਿਊਰਟੀ ਬਾਰੇ ਆਖਿਆ ਕਿ ਉਨ੍ਹਾਂ ਨੂੰ ਜੋ ਸੁਰੱਖਿਆ ਮਿਲੀ ਹੈ, ਉਹ ਕੋਈ ਨਵੀਂ ਨਹੀਂ। ਉਹ ਪਹਿਲਾਂ ਵੀ ਉਨ੍ਹਾਂ ਕੋਲ ਸੀ। ਬਾਜਵਾ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਨੇ ਵੀ ਉਨ੍ਹਾਂ ਦੇ ਹੱਕ਼ ਵਿੱਚ ਸਕਿਉਰਿਟੀ ਦੇਣ ਲਈ ਕੇਂਦਰ ਸਰਕਾਰ ਨੂੰ ਚਿਠੀ ਲਿਖੀ ਸੀ। ਯਾਦ ਰਹੇ ਬਾਜਵਾ ਨੂੰ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਦੇਣ ਮਗਰੋਂ ਚਰਚਾ ਛਿੜੀ ਸੀ ਕਿ ਬੀਜੇਪੀ ਸਰਕਾਰ ਉਨ੍ਹਾਂ ਉੱਪਰ ਮਿਹਰਬਾਨ ਕਿਉਂ ਹੈ।