ਮਾਨਸਾ, 04 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਕਾਰਜ ਸਾਧਕ ਅਫਸਰ ਨਗਰ ਪੰਚਾਇਤ ਸਰਦੂਲਗੜ੍ਹ ਸ਼੍ਰੀ ਵਿਸ਼ਾਲਦੀਪ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਤੇ ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਰਾਜਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਨਗਰ ਪੰਚਾਇਤ ਸਰਦੂਲਗੜ੍ਹ ਵਿਖੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਸ਼ਹਿਰ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਕਾਰਜ ਸਾਧਕ ਅਫ਼ਸਰ ਨੇ ਦੱਸਿਆ ਸ਼ਹਿਰ ਵਾਸੀਆਂ ਵਲੋਂ ਪਿਛਲੇ ਕਈ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸ਼ਹਿਰ ਦਾ ਬਾਈਪਾਸ ਜੋ ਸਰਦੂਲਗੜ੍ਹ ਨੂੰ ਸਰਸਾ ਨਾਲ ਜ਼ੋੜਦਾ ਹੈ, ਇਹ ਸੜਕ ਸਰਸਾ ਰੋਡ ਤੋਂ ਸਰਦੂਲਗੜ੍ਹ ਸ਼ਹਿਰ ਤੱਕ ਬਣਾਈ ਜਾਵੇ।ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਕਰੀਬ 1.08 ਕਰੋੜ ਰੁਪਏ ਲਾਗਤ ਨਾਲ 2 ਕਿਲੋਮੀਟਰ ਲੰਮੀ ਸੜਕ ਬਣਾ ਦਿੱਤੀ ਗਈ ਹੈ, ਜਿਸ ਨਾਲ ਸ਼ਹਿਰ ਵਾਸੀਆਂ ਦਾ ਸਫ਼ਰ ਸੁਖਾਲਾ ਹੋਇਆ ਹੈ।
ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਰਦੂਲਗੜ੍ਹ ਵਿਖੇ 4 ਮੋਟੀਵੇਟਰ ਨਿਯੁਕਤ ਕੀਤੇ ਗਏ ਹਨ ਜੋ ਲੋਕਾਂ ਨੂੰ ਘਰ-ਘਰ ਜਾ ਕੇ ਕੂੜੇ ਨੂੰ ਅਲੱਗ-ਅਲੱਗ ਕਰਕੇ ਦੇਣ ਅਤੇ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਣ ਲਈ ਪ੍ਰੇਰਿਤ ਕਰਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 13 ਵਾਰਡਾਂ ਵਿਖੇ ਕੂੜਾ ਇੱਕਠਾ ਕਰਨ ਲਈ 14 ਰਿਕਸ਼ਾ ਰੇਹੜੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਜੋ ਕੂੜੇ ਨੂੰ ਘਰੋਂ-ਘਰੀਂ ਅਲੱਗ-ਅਲੱਗ ਇੱਕਠਾ ਕਰਦੀਆਂ ਹਨ।
ਸ਼੍ਰੀ ਵਿਸ਼ਾਲਦੀਪ ਨੇ ਦੱਸਿਆ ਕਿ ਇਕੱਤਰ ਕੀਤੇ ਗਏ ਕੂੜੇ ਵਿੱਚੋਂ ਗਿੱਲੇ ਕੂੜੇ ਨੂੰ ਸ਼ਹਿਰ ਅੰਦਰ ਬਣੇ 18 ਪਿੱਟਸ ਵਿੱਚ ਲਿਜਾਇਆ ਜਾਂਦਾ ਹੈ ਅਤੇ ਸੁੱਕੇ ਕੂੜੇ ਨੂੰ ਸੈਗਰੀਗੇਟ (ਵੱਖ-ਵੱਖ) ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਸ਼ਹਿਰ ਅੰਦਰ ਕੂੜੇ ਦੇ ਡੰਪ ਖ਼ਤਮ ਹੋਏ ਹਨ, ਉਥੇ ਹੀ ਸ਼ਹਿਰ ਦੀ ਸੁੰਦਰਤਾ ਵਿਚ ਵੀ ਵਾਧਾ ਹੋਇਆ ਹੈ।