ਮਾਨਸਾ 29 ਜੁਲਾਈ (ਸਾਰਾ ਯਹਾ, ਬਲਜੀਤ ਪਾਲ) :ਕਾਰਗਿਲ ਸ਼ਹੀਦ ਨਿਰਮਲ ਸਿੰਘ ਕੁਸਲਾ ਦੀ ਬਿਰਧ ਮਾਤਾ ਜੋ ਮਜ਼ਦੂਰੀ ਕਰਨ ਲਈ ਮਜ਼ਬੂਰ ਹੈ। ਮਾਤਾ ਦੀ ਆਰਥਿਕ ਮਦਦ ਕਰਨ ਪਹੁੰਚੀ ਆਮ ਆਦਮੀ ਪਾਰਟੀ ਦੀ ਟੀਮ ਤੋਂ ਪਹਿਲਾਂ ਹੀ ਕਾਰਗਿਲ ਸ਼ਹੀਦ ਦੀ ਮਾਤਾ ਨੂੰ ਪਿੰਡ ਚੋਂ ਗਾਇਬ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਗਾਇਕਾ ਅਨਮੋਲਗਗਨ ਮਾਨ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਨਾਲ ਪਿੰਡ ਕੁਸਲਾ ਵਿਖੇ ਨਿਰਮਲ ਸਿੰਘ ਕੁਸਲਾ ਦੇ ਗ੍ਰਹਿ ਵਿਖੇ ਉਸ ਦੀ ਮਾਤਾ ਦੀ ਮਦਦ ਕਰਨ ਅਤੇ ਸਨਮਾਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਪਰ ਆਗੂਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਰਗਿਲ ਸ਼ਹੀਦ ਦੀ ਮਾਤਾ ਜੰਗੀਰ ਕੌਰ ਨੂੰ ਕਿਸੇ ਵਿਅਕਤੀ ਵੱਲੋਂ ਪਹਿਲਾਂ ਹੀ ਘਰੋਂ ਗਾਇਬ ਕਰ ਦਿੱਤਾ ਗਿਆ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪਿੰਡ ਦਾ ਇੱਕ ਮੋਹਤਵਰ ਵਿਅਕਤੀ ਮਾਤਾ ਨੂੰ ਇਹ ਕਹਿ ਕੇ ਘਰੋਂ ਲੈ ਗਿਆ ਕਿ ਉਸ ਨੂੰ ਦਵਾਈ ਦਿਵਾ ਕੇ ਲਿਆਉਣੀ ਹੈ। ਆਮ ਆਦਮੀ ਪਾਰਟੀ ਦੀ ਆਈ ਟੀਮ ਵੱਲੋਂ ਅਨਮੋਲ ਗਗਨ ਮਾਨ ਦੀ ਗਵਾਹੀ ਦੇ ਵਿੱਚ ਮਾਤਾ ਜੀ ਦੀ ਲੜਕੀ ਨੂੰ ਵੀਹ ਹਜ਼ਾਰ ਰੁਪਏ ਦਾ ਨਕਦ ਰਾਸ਼ੀ ਭੇਟ ਕੀਤੀ ਗਈ ਅਤੇ ਕਾਰਗਿੱਲ ਸ਼ਹੀਦ ਨਿਰਮਲ ਸਿੰਘ ਕੁਸਲਾ ਦੀ ਪਿੰਡ ਵਿੱਚ ਸਥਾਪਤ ਕੀਤੇ ਗਏ ਸ਼ਹੀਦ ਦੇ ਬੁੱਤ ਉੱਪਰ ਸ਼ੈੱਡ ਬਣਾਉਣ ਲਈ 5100 ਰੁਪਏ ਦਿੱਤੇ। ਇਸ ਮੌਕੇ ਬੋਲਦਿਆਂ ਆਪ ਆਗੂ ਅਨਮੋਲ ਗਗਨ ਮਾਨ, ਸੁਖਵਿੰਦਰ ਸਿੰਘ ਭੋਲਾ ਮਾਨ, ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਸਾਨੂੰ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨਾ ਸਾਡਾ ਪਹਿਲਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਮਾਤਾ ਨੂੰ ਮਿਲ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਅਤੇ ਆਰਥਿਕ ਮੱਤ ਕਰਨ ਆਈ ਸੀ ਪਰ ਕਿਸੇ ਵਿਅਕਤੀ ਵੱਲੋਂ ਉਨ੍ਹਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਹੀ ਪਿੰਡ ਵਿੱਚੋਂ ਗਾਇਬ ਕਰ ਦਿੱਤਾ ਗਿਆ ਇਸ ਲਈ ਸਾਨੂੰ ਅਫ਼ਸੋਸ ਹੈ ਕਿ ਅਸੀਂ ਕਾਰਗਿਲ ਸ਼ਹੀਦ ਦੀ ਮਾਤਾ ਨੂੰ ਮਿਲ ਨਹੀਂ ਸਕੇ। ਉਨ੍ਹਾਂ ਕਿਹਾ ਕਿ ਇਸ ਸ਼ਹੀਦ ਦੀ ਮਾਤਾ ਸਨਮਾਨਯੋਗ ਹੈ ਇਨ੍ਹਾਂ ਨੂੰ ਸਲੂਟ ਮਿਲਣੇ ਚਾਹੀਦੇ ਹਨ। ਜੇਕਰ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੇ ਮਾਪੇ ਇਸ ਤਰ੍ਹਾਂ ਸਿਰਾਂ ਤੇ ਟੋਕਰੀਆਂ ਚੁੱਕ ਕੇ ਗਲੀਆਂ ਵਿੱਚ ਰੁੱਲਣ ਤਾਂ ਸਾਡੀਆਂ ਸਰਕਾਰਾਂ ਨੂੰ ਲੱਖ ਲਹਾਨਤ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਪਿੰਡ ਬਾਜੇਵਾਲਾ ਵਿਖੇ ਦਸਵੀਂ ਕਲਾਸ ਵਿੱਚੋਂ ਪੁਜੀਸ਼ਨ ਹਾਸਲ ਕਰਨ ਵਾਲੀ ਲੜਕੀ ਜਸਪ੍ਰੀਤ ਕੌਰ ਨੂੰ ਵੀ 5100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਰਤਨਗੜ੍ਹੀਆ, ਹਰਦੇਵ ਉੱਲਕ, ਰਮਨਦੀਪ ਕੁਸਲਾ ਆਦਿ ਹਾਜ਼ਰ ਸਨ।