ਚੰਡੀਗੜ੍ਹ, 24 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) : ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਸਮੂਹ ਚੌਲ ਮਿੱਲਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਰਜਿਸਟ੍ਰੇਸ਼ਨ ਨਾਲ ਸਬੰਧਤ ਕਿਸੇ ਵੀ ਕੰਮ ਲਈ ਕਿਸੇ ਜ਼ਿਲ੍ਹਾ ਅਤੇ ਫੀਲਡ ਦਫ਼ਤਰ ਆਉਣ ਦੀ ਖੇਚਲ ਨਾ ਕਰਨ। ਵਿਭਾਗ ਨੇ ਚੌਲ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ https://anaajkharid.in ਪੋਰਟਲ ‘ਤੇ ਵਿਸਥਾਰਤ ਪ੍ਰਬੰਧ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਵਿਭਾਗ ਨੇ https://anaajkharid.in ਪੋਰਟਲ ‘ਤੇ ਚੌਲ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ ਪ੍ਰਬੰਧ ਕੀਤੇ ਹਨ।ਉਨ੍ਹਾਂ ਕਿਹਾ ਕਿ ਮਿੱਲਰਾਂ ਨੂੰ ਨਵੀਂ ਰਾਈਸ ਮਿੱਲ ਦੀ ਆਨਲਾਈਨ ਰਜਿਸਟਰੇਸ਼ਨ, ਮੌਜੂਦਾ ਰਾਈਸ ਮਿੱਲ ਦੀ ਸਮਰੱਥਾ ਵਧਾਉਣ, ਰਾਈਸ ਮਿੱਲ ਦੀ ਭਾਈਵਾਲੀ/ਸੰਗਠਨ ਦੀ ਤਬਦੀਲੀ ਦੇ ਮਾਮਲੇ ਵਿੱਚ ਡੀ ਨੋਵੋ ਰਜਿਸਟ੍ਰੇਸ਼ਨ, ਲੀਜ਼ ਰਾਈਸ ਮਿੱਲਜ਼ ਦੀ ਰਜਿਸਟ੍ਰੇਸ਼ਨ., ਸੀ.ਐੱਮ.ਆਰ. ਸਕਿਊਰਿਟੀ ਜਮ੍ਹਾ ਕਰਵਾਉਣ, ਲੇਵੀ ਸਕਿਊਰਿਟੀ ਜਮ੍ਹਾ ਕਰਾਉਣ, ਰਿਲੀਜ਼ ਆਰਡਰ ਜਾਰੀ ਕਰਨ ਲਈ ਬਿਨੈ-ਪੱਤਰ ਅਤੇ ਨਾ-ਵਾਪਸੀਯੋਗ ਆਰ.ਓ. ਫੀਸ ਜਮ੍ਹਾ ਕਰਵਾਉਣ ਅਤੇ ਹੋਰ ਕੰਮ ਕਰਵਾਉਣ ਲਈ ਕਿਸੇ ਵੀ ਖੇਤਰ ਜਾਂ ਜ਼ਿਲ੍ਹਾ ਦਫ਼ਤਰ ਆਉਣ ਦੀ ਲੋੜ ਨਹੀਂ।ਸ਼੍ਰੀ ਆਸ਼ੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੀਆਂ ਮਿੱਲਾਂ ਪਹਿਲਾਂ ਹੀ ਵਿਭਾਗ ਕੋਲ ਰਜਿਸਟਰ ਹਨ, ਉਹ ਆਪਣੇ ਆਪ ਹੀ ਪੋਰਟਲ ‘ਤੇ ਪ੍ਰਦਰਸ਼ਿਤ ਹੋਣਗੀਆਂ। ਉਨ੍ਹਾਂ ਨੂੰ ਸਬੰਧਤ ਡੀਐਫਐਸਸੀਐਸ ਵੱਲੋਂ ਆਪਣੀ ਲਾਗ ਇਨ ਆਈ ਡੀ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਜੀਪੀਐਸ ਕੋਆਰਡੀਨੇਟ ਸਬੰਧਤ ਡੀਐਫਐਸਸੀ ਦਫਤਰ ਵੱਲੋਂ ਪੋਰਟਲ ‘ਤੇ ਅਪਲੋਡ ਕੀਤੇ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵਲੋਂ ਪੋਰਟਲ ਸਬੰਧੀ ਸਵਾਲਾਂ ਦੇ ਹੱਲ ਲਈ ਹੈਲਪਲਾਈਨ ਵੀ ਸਥਾਪਿਤ ਕੀਤੀ ਗਈ ਹੈ ਅਤੇ ਮਿੱਲਰ ਈ-ਮੇਲ ਆਈਡੀ anaajkharidpb@gmail.com ਅਤੇ ਕਿਸੇ ਵੀ ਕੰਮਕਾਜੀ ਦਿਨ ਮੋਬਾਈਲ ਨੰਬਰ: 7743011156, 7743011157 ਜਾਂ 7743011154 ‘ਤੇ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਸੰਪਰਕ ਕਰ ਸਕਦੇ ਹਨ।