ਦੁਨੀਆ ਦੀਆਂ ਸਭ ਤੋਂ ਵੱਡੀਆਂ ਸ਼ਰਾਬ ਕੰਪਨੀਆਂ ‘ਚੋਂ ਇਕ ਡਿਆਜਿਓ ਆਪਣੀ ਮਸ਼ਹੂਰ ਵਿਸਕੀ ਜੋਨੀ ਵਾਕਰ ਨੂੰ ਕਾਗਜ਼ ਦੀ ਬੋਤਲ ‘ਚ ਪੈਕ ਕਰੇਗੀ। ਵਾਤਾਵਰਣ ਨੂੰ ਧਿਆਨ ‘ਚ ਰੱਖਦਿਆਂ ਕੰਪਨੀ ਅਗਲੇ ਸਾਲ ਤੋਂ ਇਸ ਨਵੀਂ ਪੈਕਜਿੰਗ ਦਾ ਟਰਾਇਲ ਸ਼ੁਰੂ ਕਰੇਗੀ। ਦੋ ਸੌ ਸਾਲ ਪੁਰਾਣੀ ਵਿਸਕੀ ਜੋਨੀ ਵਾਕਰ ਨੂੰ ਅਕਸਰ ਗਲਾਸ ਦੀ ਬੋਤਲ ‘ਚ ਪੈਕ ਕੀਤਾ ਜਾਂਦਾ ਹੈ ਪਰ ਕੰਪਨੀ ਹੁਣ ਕੱਚ ਤੇ ਪਲਾਸਟਿਕ ਦੀ ਵਰਤੋਂ ਘਟਾਉਣ ‘ਤੇ ਜ਼ੋਰ ਦੇ ਰਹੀ ਹੈ।
ਕਾਗਜ਼ ਦੀਆਂ ਬੋਤਲਾਂ ਬਣਾਉਣ ਲਈ ਕੰਪਨੀ ਪੈਲਪੇਕਸ ਨਾਂ ਦੀ ਇੱਕ ਹੋਰ ਫਰਮ ਬਣਾਉਣ ਜਾ ਰਹੀ ਹੈ, ਜੋ ਯੂਨੀਲੀਵਰ ਤੇ ਪੈਪਸੀਕੋ ਵਰਗੇ ਬ੍ਰਾਂਡਾਂ ਲਈ ਕਾਗਜ਼ ਦੀਆਂ ਬੋਤਲਾਂ ਵੀ ਤਿਆਰ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਕਾਗਜ਼ ਦੀ ਬੋਤਲ ਵੁੱਡ ਪਲਪ ਤੋਂ ਬਣੀ ਹੋਵੇਗੀ ਤੇ 2021 ‘ਚ ਇਸਦੀ ਪਰਖ ਕੀਤੀ ਜਾਵੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਬੋਤਲਾਂ ਨੂੰ ਆਸਾਨੀ ਨਾਲ ਰੀਸਾਈਕਲ ਕੀਤਾ ਜਾਵੇਗਾ।
ਅੱਜ ਬਹੁਤ ਸਾਰੀਆਂ ਲਿਕੁਅਰ ਕੰਪਨੀਆਂ ਪ੍ਰਦੂਸ਼ਣ ਨੂੰ ਘਟਾਉਣ ਲਈ ਕਾਗਜ਼ ਦੀਆਂ ਬੋਤਲਾਂ ਬਣਾਉਣ ‘ਤੇ ਜ਼ੋਰ ਦੇ ਰਹੀਆਂ ਹਨ। ਬੀਅਰ ਕੰਪਨੀ ਕਾਰਲਸਬਰਗ ਵੀ ਕਾਗਜ਼ ਦੀਆਂ ਬੋਤਲਾਂ ਬਣਾਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ, ਦੁਨੀਆ ਦੀ ਸਭ ਤੋਂ ਵੱਡੀ ਪੀਣ ਵਾਲੇ ਉਤਪਾਦਾਂ ਦੀ ਕੰਪਨੀ ਕੋਕਾ ਕੋਲਾ ਦਾ ਕਹਿਣਾ ਹੈ ਕਿ ਇਹ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਬੰਦ ਨਹੀਂ ਕਰੇਗੀ ਕਿਉਂਕਿ ਗਾਹਕ ਅਜੇ ਵੀ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।