ਬੁਢਲਾਡਾ – 23 ਜੁਲਾਈ (ਸਾਰਾ ਯਹਾ, ਅਮਨ ਮਹਿਤਾ) – ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਸੀਵਰੇਜ ਸਿਸਟਮ ਦੇ ਮਾੜੇ ਹਾਲ ਕਾਰਨ ਸਹਿਰ ਦੀ ਹਾਲਤ ਨਰਕ ਬਣੀ ਪਈ ਹੈ।ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ਼ਕੇ ਸਪਲਾਈ ਹੋ ਰਿਹਾ ਹੈ।ਅਨੇਕਾਂ ਵਾਰ ਇਹ ਮਾਮਲਾ ਸਬੰਧਿਤ ਮਹਿਕਮੇ ,ਪ੍ਰਸ਼ਾਸਨ ਅਤੇ ਸਰਕਾਰਾਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਇਸਦਾ ਹੱਲ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ।ਜੇਕਰ ਇਸ ਪਾਸੇ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਬੁਢਲਾਡਾ ਦੇ ਲੋਕ ਅਗਸਤ 2018 ਵਾਂਗ ਮੁੜ ਫੈਸਲਾਕੁੰਨ ਸੰਘਰਸ਼ ਆਰੰਭਣ ਲਈ ਮਜਬੂਰ ਹੋਣਗੇ। ਸ਼ਹਿਰ ਵਾਸਿਆ ਸਮੇਤ ਅੱਜ ਨਗਰ ਸੁਧਾਰ ਸਭਾ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਹਿਰ ਦੇ ਵੱਖ- ਵੱਖ ਕਾਰੋਬਾਰੀ ਅਤੇ ਆਮ ਲੋਕ 24 ਜੁਲਾਈ ਤੋਂ 27 ਜੁਲਾਈ ਤੱਕ ਕਾਲੇ ਬਿੱਲੇ ਅਤੇ ਕਾਲੇ ਝੰਡੇ ਆਪੋ ਆਪਣੀਆਂ ਜੇਬਾਂ , ਦੁਕਾਨਾਂ ਆਦਿ ‘ਤੇ ਲਗਾਕੇ ਰੋਸ ਪ੍ਰਗਟਾਉਣਗੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼ਹਿਰ ਦੇ ਇਤਿਹਾਸਕ ਜੁਲਾਈ-ਅਗਸਤ 2018 ਦੇ ਸੰਘਰਸ਼ ਨੂੰ ਯਾਦ ਕਰਦੇ ਹੋਏ ਆਗਾਮੀ 4 ਅਗਸਤ ਨੂੰ ਸੰਕਲਪ ਦਿਵਸ ਵਜੋਂ ਮਨਾਇਆ ਜਾਵੇਗਾ । ਨਗਰ ਸੁਧਾਰ ਸਭਾ ਬੁਢਲਾਡਾ ਇਸ ਦਿਨ ਨੂੰ ਮਨਾਉਂਦੀ ਹੋਈ ਆਪਣੇ ” ਸੁੰਦਰ ਬੁਢਲਾਡਾ – ਸੋਹਣਾ ਬੁਢਲਾਡਾ ” ਦੇ ਸੰਕਲਪ ਨੂੰ ਦੁਹਰਾਏਗੀ ਅਤੇ ਇਸ ਦੀ ਪੂਰਤੀ ਲਈ ਪਰਪੱਕ ਇਰਾਦੇ ਅਤੇ ਦ੍ਰਿੜਤਾ ਨਾਲ ਸੰਘਰਸ਼ ਕਰਦੀ ਰਹੇਗੀ। ਬੁਲਾਰਿਆਂ ਨੇ ਕਿਹਾ ਕਿ ਲੋਕਾਂ ਦੇ ਤਿੱਖੇ ਸੰਘਰਸ਼ ਸਦਕਾ ਸ਼ਹਿਰ ਵਿੱਚ ਸੜਕਾਂ ਦਾ ਨਿਰਮਾਣ ਹੋਇਆ ਸੀ ਅਤੇ ਹੋਰ ਥੋੜੇ-ਬਹੁਤੇ ਵਿਕਾਸ ਕੰਮ ਹੋਏ ਸੀ , ਜੋ ਸ਼ਹਿਰ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਨਾਂ ਕਾਰਜਾਂ ‘ਤੇ ਖਰਚਿਆਂ ਕਰੋੜਾਂ ਰੁਪਇਆ ਪਾਣੀ ਵਿੱਚ ਰੁੜ ਰਿਹਾ ਹੈ । ਇਹ ਵੱਖਰੀ ਗੱਲ ਹੈ ਕਿ ਸੜਕਾਂ ਅਤੇ ਵਿਕਾਸ ਕੰਮਾਂ ਦੇ ਨਿਰਮਾਣ ਵਿੱਚ ਵਰਤੇ ਘੱਟ ਅਤੇ ਘਟੀਆ ਮਟੀਰੀਅਲ ਵਿੱਚੋਂ ਭ੍ਰਿਸ਼ਟਚਾਰ ਦੀ ਬੋਅ ਮਾਰਦੀ ਹੈ। ਜਿਸਦੀ ਉੱਚ ਪੱਧਰੀ ਜਾਂਚ ਸਬੰਧੀ ਨਗਰ ਸੁਧਾਰ ਸਭਾ ਨੇ ਦਰਖਾਸਤਾਂ ਦਿੱਤੀਆਂ ਹੋਈਆਂ ਹਨ। ਆਗੂਆਂ ਨੇ ਕਿਹਾ ਕਿ ਸੀਵਰੇਜ਼ ਸਿਸਟਮ ਦਾ ਮਾੜਾ ਹਾਲ ਹੋਣ ਕਰਕੇ ਸੜਕਾਂ ‘ਤੇ ਪਾਣੀ ਖੜ ਰਿਹਾ ਹੈ ਅਤੇ ਸੜਕਾਂ ਟੁੱਟ ਰਹੀਆਂ ਹਨ । ਪੀਣ ਦੇ ਪਾਣੀ ਵਿੱਚ ਗੰਦੇ ਪਾਣੀ ਦੀ ਰਲਾਵਟ ਹੋ ਕੇ ਹੋ ਰਹੀ ਸਪਲਾਈ ਤੋਂ ਸ਼ਹਿਰਵਾਸੀ ਡਾਹਢੇ ਔਖੇ ਹਨ , ਸ਼ਹਿਰ ਵਿੱਚ ਸਫ਼ਾਈ ਦਾ ਮੰਦੜਾ ਹਾਲ ਹੈ। ਛੋਟੇ – ਮੋਟੇ ਕੰਮਾਂ ਲਈ ਨਗਰ ਕੌਂਸਲ ਦੇ ਦਫ਼ਤਰ ਵਿੱਚ ਲੋਕ ਖੱਜਲ ਖੁਆਰ ਹੋ ਰਹੇ ਹਨ । ਜੀ.ਡੀ.ਐਲ. ਨਾਮੀ ਕੰਪਨੀ ਪਾਸ ਸ਼ਹਿਰ ਦੇ ਸੀਵਰੇਜ਼ , ਵਾਟਰ ਸਪਲਾਈ ਦਾ ਠੇਕਾ ਹੈ ਪਰ ਇਸ ਕੰਪਨੀ ਦੇ ਅਧਿਕਾਰੀ , ਪ੍ਰਸ਼ਾਸ਼ਨ ਅਤੇ ਸਬੰਧਿਤ ਵਿਭਾਗਾਂ ਦੀ ਅਫਸਰਸ਼ਾਹੀ ਨੂੰ ਟਿੱਚ ਸਮਝਦੇ ਹਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੋਵਿਡ-19 ਦੀ ਆੜ ਵਿੱਚ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ, ਆਪਣੀਆਂ ਬੁਨਿਆਦੀ ਜਰੂਰਤਾਂ ਪੀਣ ਦੇ ਪਾਣੀ , ਗੰਦੇ ਪਾਣੀ ਦੀ ਨਿਕਾਸੀ, ਸਫਾਈ ਆਦਿ ਲਈ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਚਲਾਨਾਂ , ਝੂਠੇ ਕੇਸਾਂ ਦਾ ਡਰਾਵਾ ਦਿੱਤਾ ਜਾ ਰਿਹਾ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੀ ਰਲਾਵਟ ਹੋ ਕੇ ਹੋ ਰਹੀ ਸਪਲਾਈ ਸਬੰਧੀ ਜ਼ਿਲੇ ਵਿੱਚ ਨਵੇਂ ਆਏ ਡਿਪਟੀ ਕਮਿਸ਼ਨਰ ਨੂੰ ਵਫਦ ਦੇ ਰੂਪ ਵਿੱਚ 19 ਜੂਨ ਨੂੰ ਮਿਲਕੇ ਮਾਮਲਾ ਧਿਆਨ ਵਿੱਚ ਲਿਆਂਦਾ ਜਾ ਚੁੱਕਿਆ ਹੈ ਪਰੰਤੂ ਅਮਲ ਵਿੱਚ ਕੁੱਝ ਨਹੀਂ ਹੋਇਆ ।ਇਸ ਸਬੰਧੀ ਕਈ ਵਾਰ ਐਸ ਡੀ ਐਮ ਨੂੰ ਮਿਲਣ ਦੀ ਕੌਸ਼ਿਸ਼ ਕੀਤੀ ਗਈ ਪਰ ਉਨ੍ਹਾਂ ਪਾਸ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਮਾਂ ਹੀ ਨਹੀਂ । ਨਗਰ ਸੁਧਾਰ ਸਭਾ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਬੰਧਿਤ ਵਿਭਾਗਾਂ , ਪ੍ਰਸ਼ਾਸਨ ਅਤੇ ਸਰਕਾਰਾਂ ਦਾ ਇਹੋ ਰਵੱਈਆ ਰਿਹਾ ਤਾਂ ਸ਼ਹਿਰਵਾਸੀ ਦੋ ਸਾਲ ਪਹਿਲਾਂ ਵਾਂਗ ਆਰ-ਪਾਰ ਦਾ ਸੰਘਰਸ਼ ਵਿੱਢ ਦੇਣਗੇ ਜਿਸ ਲਈ ਜਿੰਮੇਵਾਰ ਸਰਕਾਰਾਂ ਹੋਣਗੀਆਂ । ਮੀਟਿੰਗ ਮੌਕੇ ਕੋਵਿਡ -19 ਦੇ ਮੱਦੇਨਜ਼ਰ ਵਿਸਵ ਸਿਹਤ ਸੰਸਥਾ ਅਤੇ ਸਰਕਾਰਾਂ ਦੀਆਂ ਹਦਾਇਤਾਂ ਜਿਵੇਂ ਸੋਸ਼ਲ ਡਿਸਟੈਂਸ , ਮਾਸਕ ਲਗਾਉਣ , ਸੈਨੇਟਾਇਜਰ ਆਦਿ ਨਾਲ ਪਾਲਣਾ ਕੀਤੀ ਗਈ । ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਪਵਨ ਨੇਵਟੀਆ , ਸਤਪਾਲ ਸਿੰਘ ਕਟੌਦੀਆ , ਅਵਤਾਰ ਸਿੰਘ ਸੇਵਾਮੁਕਤ ਹੌਲਦਾਰ ,ਪਰੇਮ ਸਿੰਘ ਦੋਦੜਾ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਸੁਰਜੀਤ ਸਿੰਘ ਟੀਟਾ ,ਰਾਕੇਸ਼ ਘੱਤੂ , ਐਡਵੋਕੇਟ ਸੁਸ਼ੀਲ ਬਾਂਸਲ , ਵਿਸ਼ਾਲ ਰਿਸ਼ੀ , ਮਾਸਟਰ ਰਘੂਨਾਥ ਸਿੰਗਲਾ, ਪਰੇਮ ਗਰਗ ਸਾਬਕਾ ਐਮ.ਸੀ , ਡਾਕਟਰ ਅਸ਼ੋਕ ਰਸਵੰਤਾ , ਭਾਰਤ ਭੂਸ਼ਣ (ਨੂਤਨ ਸਾੜੀ), ਡਾ.ਅਜੇ ਕੁਮਾਰ ਗਰਗ , ਸੋਨੂੰ ਕੋਹਲੀ , ਹਰਸ਼ਵਰਧਨ , ਦੀਪੂ ਬੋੜਾਵਾਲੀਆ , ਮਾਸਟਰ ਤੇਜਾ ਸਿੰਘ ਕੈਂਥ , ਗੁਰਦਿਆਲ ਸਿੰਘ ਸੇਵਾ ਮੁਕਤ ਮੈਨੇਜਰ ਮਾਰਕਫੈੱਡ , ਦਵਿੰਦਰ ਸਿੰਘ , ਸੰਦੀਪ ਜੈਨ , ਅਮਿਤ ਜਿੰਦਲ , ਮਨੀਸ਼ ਕੁਮਾਰ ਆਦਿ ਨੇ ਸੰਬੋਧਨ ਕੀਤਾ।